ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/74

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

“ਇਸ ਵੇਲ਼ੇ ਉਨ੍ਹਾਂ ਗੋਰੀਆਂ ਚਿੱਟੀਆਂ ਦੁਲਹਨਾਂ 'ਤੇ ਕੀ ਗੁਜ਼ਰ ਰਹੀ ਹੋਵੇਗੀ?” ਸ਼ੂ ਸ਼ੂ ਇਹ ਕਹਿ ਕੇ ਰੁਕ ਗਈ ਅਤੇ ਆਪਣੀ ਆਵਾਜ਼ ਦਬਾ ਕੇ ਉਸਨੇ ਇੱਫ਼ਤ ਦੀਆਂ ਚੂੜੀਆਂ ਨੂੰ ਛੇੜ ਕੇ ਉਨ੍ਹਾਂ ਵਿੱਚ ਛਣਛਣ ਪੈਦਾ ਕਰਦੇ ਹੋਏ ਕਿਹਾ, “ਜਰਾ ਸੋਚੋ ਤਾਂ?”

ਇੱਫ਼ਤ ਦੀਆਂ ਗੱਲ੍ਹਾਂ ਇੱਕ ਪਲ ਲਈ ਥਰਥਰਾਈਆਂ, “ਕਿਹੋ ਜਹੀਆਂ ਬਹਿਕੀਆਂ ਬਹਿਕੀਆਂ ਗੱਲਾਂ ਕਰ ਰਹੀ ਹੈਂ ਸ਼ੂ ਸ਼ੂ।”

“ਜੀ ਹਾਂ,,, ਜਿਵੇਂ ਇਨ੍ਹਾਂ ਗੱਲਾਂ ਵਿੱਚ ਦਿਲਚਸਪੀ ਨਹੀਂ ਮੇਰੀ ਬੰਨੋ ਨੂੰ। ਵੱਸ ਵਿੱਚ ਹੋਵੇ ਤਾਂ ਜਲਦ ਤੋਂ ਜਲਦ ਆਪਣਾ ਵਿਆਹ ਰਚਾ ਲਓ।"

ਇੱਫ਼ਤ ਨੇ ਸੁਸ਼ੀਲਾ ਦੀ ਗੱਲ ਕੱਟ ਦਿੱਤੀ, “ਤੇ ਇਨ੍ਹਾਂ ਦੁਲਹਨਾਂ ਨੂੰ ਕਿੱਥੇ ਲੈ ਗਏ ਹਨ ਸ਼ੂ ਸ਼ੂ?”

“ਕਿੱਥੇ ਲੈ ਗਏ ਹਨ?” ਸ਼ੂ ਸ਼ੂ ਮੁਸਕਰਾਈ, “ਸਮੁੰਦਰ ਦੀ ਤਹਿ ਵਿੱਚ ਜਿੱਥੇ ਜਲਪਰੀਆਂ ਦਾ ਰਾਜ ਹੈ... ਕੋਹਕਾਫ਼ ਦੀਆਂ ਗੁਫ਼ਾਵਾਂ ਵਿੱਚ ਜਿੱਥੇ ਸਿੰਗਾਂ ਵਾਲ਼ੇ ਜਿੰਨ ਰਹਿੰਦੇ ਹਨ...।"

ਕੁਝ ਪਲ ਲਈ ਇੱਕ ਭੇਤਭਰੀ ਚੁੱਪ ਤਾਰੀ ਰਹੀ। ਇਸਦੇ ਬਾਅਦ ਸ਼ੂ ਸ਼ੂ ਫਿਰ ਬੋਲੀ, “ਕਿੱਥੇ ਲੈ ਗਏ ਹਨ? ਲੈ ਗਏ ਹੋਣਗੇ ਆਪਣੇ ਆਪਣੇ ਕਮਰਿਆਂ ਵਿੱਚ!"

“ਬੇਚਾਰੀਆਂ ਨੂੰ ਨੀਂਦ ਕਿਵੇਂ ਆਵੇਗੀ?” ਇੱਕ ਕੁੜੀ ਨੇ ਜੋ ਅਜੇ ਤੱਕ ਖਾਮੋਸ਼ ਬੈਠੀ ਸੀ ਅਤੇ ਜਿਸਦਾ ਨਾਮ ਮੈਂ ਨਹੀਂ ਜਾਣਦਾ ਸੀ, ਆਪਣਾ ਅੰਦੇਸ਼ਾ ਜ਼ਾਹਰ ਕੀਤਾ।

ਸ਼ੂ ਸ਼ੂ ਕਹਿਣ ਲੱਗੀ, “ਬੇਚਾਰੀਆਂ! ਕੋਈ ਜ਼ਰਾ ਉਨ੍ਹਾਂ ਦੇ ਦਿਲ ਤੋਂ ਜਾ ਕੇ ਪੁੱਛੇ ਕਿ ਉਨ੍ਹਾਂ ਦੀ ਅੱਖਾਂ ਇਸ ਰਤਜਗੇ ਲਈ ਕਿੰਨੀਆਂ ਬੇਕਰਾਰ ਸਨ?”

“ਤਾਂ ਬਹੁਤ ਖੁਸ਼ ਹੋਣਗੀਆਂ?”

“ਹੋਰ ਕੀ?”

“ਤੇ ਮੈਂ ਇਹ ਸੁਣਿਆ ਹੈ ਕਿ ਇਹ ਲੋਕ ਬਹੁਤ ਸਤਾਇਆ ਕਰਦੇ ਹਨ?” ਇੱਫ਼ਤ ਸੁਸ਼ੀਲਾ ਦੇ ਕੋਲ਼ ਸਰਕ ਆਈ।

“ਮੈਂ ਪੁੱਛਦੀ ਹਾਂ ਤੈਨੂੰ ਅੰਦੇਸ਼ਾ ਕਿਸ ਗੱਲ ਦਾ ਹੋ ਰਿਹਾ ਹੈ? ਜਦੋਂ ਤੈਨੂੰ ਉਹ ਸਤਾਉਣ ਲੱਗਣਗੇ ਤਾਂ ਨਾ ਸਤਾਉਣ ਦੇਣਾ ਉਨ੍ਹਾਂ ਨੂੰ... ਹੱਥ ਪੈਰ ਬੰਨ੍ਹ ਦੇਣਾ ਉਨ੍ਹਾਂ ਦੇ... ਹੁਣੇ ਤੋਂ ਫ਼ਿਕਰ ਵਿੱਚ ਕਿਉਂ ਘੁਲ਼ੀ ਜਾ ਰਹੀ ਹੈਂ।”

“ਹਾਏ ਹਾਏ।” ਇੱਫ਼ਤ ਨੇ ਤੇਜ਼ੀ ਨਾਲ਼ ਕਿਹਾ, “ਤੂੰ ਕੇਹੀਆਂ ਗੱਲਾਂ ਕਰ ਰਹੀ ਹੈਂ ਸ਼ੂ ਸ਼ੂ। ਵੇਖ ਤਾਂ ਮੇਰਾ ਦਿਲ ਕਿੰਨੇ ਜ਼ੋਰ ਨਾਲ਼ ਧੜਕਣ ਲੱਗਾ ਹੈ!" ਇੱਫ਼ਤ ਨੇ ਸੁਸ਼ੀਲਾ ਦਾ ਹੱਥ ਚੁੱਕ ਕੇ ਦਿਲ ਵਾਲ਼ੀ ਜਗ੍ਹਾ 'ਤੇ ਰੱਖ ਦਿੱਤਾ, “ਕਿਉਂ?”

ਸ਼ੂ ਸ਼ੂ ਨੇ ਇੱਫ਼ਤ ਦੇ ਦਿਲ ਦੀਆਂ ਧੜਕਣਾਂ ਗ਼ੌਰ ਨਾਲ਼ ਸੁਣੀਆਂ ਅਤੇ ਬੜੇ ਭੇਤਭਰੇ ਲਹਿਜੇ ਵਿੱਚ ਕਿਹਾ, “ਜਾਣਦੀ ਹੈਂ ਕੀ ਕਹਿ ਰਿਹਾ ਹੈ?”

ਇੱਫ਼ਤ ਨੇ ਜਵਾਬ ਦਿੱਤਾ, “ਨਹੀਂ ਤਾਂ?”

“ਇਹ ਕਹਿੰਦਾ ਹੈ, ਇੱਫ਼ਤ ਬਾਨੋ ਗ਼ਜ਼ਨਵੀਂ ਦੁਲਹਨ ਬਣਨਾ ਚਾਹੁੰਦੀ ਹੈ!”

74 / ਮੰਟੋ ਦੇ ਅਫ਼ਸਾਨੇ