ਦੁਆਲ਼ੇ ਲਪੇਟ ਰਹੀ ਸੀ, ਕਹਿਣ ਲੱਗੀ, “ਭਈ, ਹੁਣ ਤੂੰ ਦੱਸ ਅਸੀਂ ਤਾਂ ਆਪਣੇ ਦਿਲ ਦੀ ਗੱਲ ਤੈਨੂੰ ਦੱਸ ਦਿੱਤੀ।”
ਸ਼ੂ ਸ਼ੂ ਨੇ ਜਵਾਬ ਦਿੱਤਾ, “ਸੁਣ ਕੇ ਕੀ ਕਰੋਗੀ? ਮੇਰੇ ਖ਼ਿਆਲ ਤੁਹਾਥੋਂ ਬਿਲਕੁੱਲ ਵੱਖਰੇ ਹਨ।”
“ਵੱਖਰੇ ਹੋਣ ਜਾਂ ਮਿਲ਼ਦੇ ਹੋਣ, ਤੇ ਅਸੀਂ ਸੁਣੇ ਬਿਨਾਂ ਤੈਨੂੰ ਨਹੀਂ ਛੱਡਣਾ।”
“ਮੈਂ” ਸੁਸ਼ੀਲਾ ਨੇ ਛੱਤ ਵੱਲ ਵੇਖਿਆ ਅਤੇ ਕੁਝ ਦੇਰ ਖ਼ਾਮੋਸ਼ ਰਹਿਣ ਦੇ ਬਾਅਦ ਕਹਿਣ ਲੱਗੀ, “ਮੈਂ... ਤੇ ਤੂੰ ਮਜ਼ਾਕ ਉੜਾਏਂਗੀ ਇੱਫ਼ਤ!"
“ਅਰੇ, ਤੂੰ ਦੱਸ ਤਾਂ?”
ਸੁਸ਼ੀਲਾ ਨੇ ਇੱਕ ਆਹ ਭਰੀ, “ਮੇਰੇ ਸੁਪਨੇ ਅਜੀਬ-ਓ-ਗ਼ਰੀਬ ਹਨ ਇੱਫ਼ਤ... ਇਹ ਮੇਰੇ ਦਿਮਾਗ਼ ਵਿੱਚ ਸਾਬਣ ਦੇ ਰੰਗ ਬਰੰਗੇ ਬੁਲਬੁਲਿਆਂ ਦੀ ਤਰ੍ਹਾਂ ਪੈਦਾ ਹੁੰਦੇ ਹਨ ਅਤੇ ਅੱਖਾਂ ਦੇ ਸਾਹਮਣੇ ਨੱਚ ਕੇ ਗ਼ਾਇਬ ਹੋ ਜਾਂਦੇ ਹਨ। ਮੈਂ ਸੋਚਦੀ ਹਾਂ, ਅਤੇ ਫਿਰ ਸੋਚਦੀ ਹਾਂ ਕਿ ਮੈਂ ਕਿਉਂ ਸੋਚਦੀ ਹਾਂ। ਇਨਸਾਨ ਜੋ ਕੁਝ ਚਾਹੁੰਦਾ ਹੈ, ਜੇਕਰ ਹੋ ਜਾਇਆ ਕਰੇ ਤਾਂ ਕਿੰਨੀ ਚੰਗੀ ਗੱਲ ਹੈ, ਪਰ ਫਿਰ ਜ਼ਿੰਦਗੀ ਵਿੱਚ ਕੀ ਰਹਿ ਜਾਵੇਗਾ? ਖ਼ਾਹਿਸ਼ਾਂ ਅਤੇ ਤਮੰਨਾਵਾਂ ਕਿੱਥੋਂ ਪੈਦਾ ਹੋਣਗੀਆਂ... ਅਸੀਂ ਜਿਸ ਤਰ੍ਹਾਂ ਜੀ ਰਹੇ ਹਾਂ ਠੀਕ ਹੈ। ਜਾਣਦੀ ਹਾਂ ਕਿ ਜੋ ਕੁਝ ਮੰਗ ਰਹੀ ਹਾਂ, ਨਹੀਂ ਮਿਲੇਗਾ, ਪਰ ਦਿਲ ਵਿੱਚ ਮੰਗ ਤਾਂ ਰਹੇਗੀ, ਕੀ ਜ਼ਿੰਦਾ ਰਹਿਣ ਲਈ ਇਹੀ ਕਾਫ਼ੀ ਨਹੀਂ?"
ਇੱਫ਼ਤ ਅਤੇ ਦੂਜੀ ਕੁੜੀ ਖਾਮੋਸ਼ ਬੈਠੀਆਂ ਸਨ।
ਸ਼ੂ ਸ਼ੂ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਮੈਂ ਆਪਣਾ ਜੀਵਨ ਸਾਥੀ ਇੱਕ ਅਜਿਹੇ ਨੌਜਵਾਨ ਨੂੰ ਬਣਾਉਣਾ ਚਾਹੁੰਦੀ ਹਾਂ, ਜੋ ਸਿਰਫ਼ ਉਮਰ ਦੇ ਪੱਖੋਂ ਹੀ ਜਵਾਨ ਨਾ ਹੋਵੇ, ਸਗੋਂ ਉਸਦਾ ਦਿਲ, ਉਸਦਾ ਦਿਮਾਗ਼, ਉਸਦਾ ਰੋਮ ਰੋਮ ਜਵਾਨ ਹੋਵੇ, ਉਹ ਸ਼ਾਇਰ ਹੋਵੇ। ਮੈਂ ਸ਼ਕਲ-ਸੂਰਤ ਦੀ ਕਾਇਲ ਨਹੀਂ, ਮੈਨੂੰ ਸ਼ਾਇਰ ਚਾਹੀਦਾ ਹੈ ਜੋ ਮੇਰੀ ਮੁਹੱਬਤ ਵਿੱਚ ਗਿਰਫ਼ਤਾਰ ਹੋ ਕੇ ਸਿਰ ਤੋਂ ਪੈਰਾਂ ਤੱਕ ਮੁਹੱਬਤ ਬਣ ਜਾਵੇ। ਜਿਸਨੂੰ ਮੇਰੀ ਹਰ ਗੱਲ ਵਿੱਚ ਹੁਸਨ ਨਜ਼ਰ ਆਏ, ਜਿਸਦੇ ਹਰ ਸ਼ਿਅਰ ਵਿੱਚ ਮੇਰੀ ਅਤੇ ਸਿਰਫ਼ ਮੇਰੀ ਤਸਵੀਰ ਹੋਵੇ, ਜੋ ਮੇਰੀ ਮੁਹੱਬਤ ਦੀਆਂ ਗਹਿਰਾਈਆਂ ਵਿੱਚ ਗੁੰਮ ਹੋ ਜਾਵੇ। ਮੈਂ ਉਸਨੂੰ ਇਨ੍ਹਾਂ ਤਮਾਮ ਚੀਜ਼ਾਂ ਦੇ ਬਦਲੇ ਵਿੱਚ ਆਪਣੀ ਔਰਤਪੁਣੇ ਦਾ ਉਹ ਤੋਹਫ਼ਾ ਦੇਵਾਂਗੀ ਜੋ ਅੱਜ ਤੱਕ ਕੋਈ ਔਰਤ ਨਹੀਂ ਦੇ ਸਕੀ।”
ਉਹ ਖ਼ਾਮੋਸ਼ ਹੋ ਗਈ। ਇੱਫ਼ਤ ਹੈਰਤ ਦੇ ਮਾਰੇ ਉਸਦਾ ਮੂੰਹ ਤੱਕਣ ਲੱਗੀ। ਉਸਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਸੁਸ਼ੀਲਾ ਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਸਮਝ ਸਕੀ। ਮੈਂ ਖ਼ੁਦ ਹੈਰਾਨ ਸੀ ਕਿ ਪੰਦਰਾਂ ਸੋਲਾਂ ਸਾਲ ਦੀ ਇਸ ਦੁਬਲੀ ਪਤਲੀ ਕੁੜੀ ਦੇ ਸੀਨੇ ਵਿੱਚ ਕੈਸੇ ਕੈਸੇ ਖ਼ਿਆਲ ਕਰਵਟਾਂ ਲੈ ਰਹੇ ਹਨ। ਉਸਦਾ ਇੱਕ ਇੱਕ ਲਫ਼ਜ਼ ਦਿਮਾਗ਼ ਵਿੱਚ ਗੂੰਜ ਰਿਹਾ ਸੀ।
“ਜੇਕਰ ਉਹ ਮੈਨੂੰ ਨਜ਼ਰ ਆ ਜਾਵੇ,” ਇਹ ਕਹਿ ਕੇ ਸੁਸ਼ੀਲਾ ਅੱਗੇ ਵਧੀ ਅਤੇ
76 / ਮੰਟੋ ਦੇ ਅਫ਼ਸਾਨੇ