ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/86

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਾਂਝ

ਮੇਰੀ ਅਤੇ ਉਸਦੀ ਮੁਲਾਕਾਤ ਅੱਜ ਤੋਂ ਠੀਕ ਦੋ ਸਾਲ ਪਹਿਲਾਂ ਅਪੋਲੋ-ਬੰਦਰ 'ਤੇ ਹੋਈ। ਸ਼ਾਮ ਦਾ ਵਕਤ ਸੀ, ਸੂਰਜ ਦੀਆਂ ਆਖ਼ਰੀ ਕਿਰਨਾਂ ਸਮੁੰਦਰ ਦੀਆਂ ਉਨ੍ਹਾਂ ਵਿਸ਼ਾਲ ਲਹਿਰਾਂ ਦੇ ਪਿੱਛੇ ਗ਼ਾਇਬ ਹੋ ਚੁੱਕੀਆਂ ਸਨ ਜੋ ਤੱਟ ਦੇ ਬੈਂਚ ਉੱਤੇ ਬੈਠ ਕੇ ਦੇਖਣ ਨਾਲ਼ ਮੋਟੇ ਕੱਪੜੇ ਦੀਆਂ ਤੈਹਾਂ ਲੱਗਦੀਆਂ ਸਨ। ਮੈਂ ਗੇਟ ਆਫ਼ ਇੰਡੀਆ ਦੇ ਉਸ ਪਾਸੇ ਪਹਿਲਾ ਬੈਂਚ ਛੱਡ ਕੇ ਜਿਸ ਉੱਤੇ ਇੱਕ ਆਦਮੀ ਚੰਪੀ ਵਾਲ਼ੇ ਤੋਂ ਆਪਣੇ ਸਿਰ ਦੀ ਮਾਲਸ਼ ਕਰਾ ਰਿਹਾ ਸੀ, ਦੂਜੇ ਬੈਂਚ ਉੱਤੇ ਬੈਠਾ ਸੀ ਅਤੇ ਦਿਸਹੱਦੇ ਤੱਕ ਫੈਲੇ ਹੋਏ ਸਮੁੰਦਰ ਨੂੰ ਵੇਖ ਰਿਹਾ ਸੀ।

ਦੂਰ ਬਹੁਤ ਦੂਰ ਜਿੱਥੇ ਸਮੁੰਦਰ ਅਤੇ ਅਸਮਾਨ ਘੁਲ਼ ਮਿਲ਼ ਰਹੇ ਸਨ। ਵੱਡੀਆਂ-ਵੱਡੀਆਂ ਲਹਿਰਾਂ ਆਹਿਸਤਾ-ਆਹਿਸਤਾ ਉੱਠ ਰਹੀਆਂ ਸਨ ਅਤੇ ਇੰਜ ਲੱਗਦਾ ਸੀ ਕਿ ਵਿਸ਼ਾਲ ਮਟਮੈਲੇ ਰੰਗ ਦਾ ਕਾਲੀਨ ਹੈ ਜਿਸ ਨੂੰ ਇੱਧਰ ਤੋਂ ਉੱਧਰ ਸਮੇਟਿਆ ਜਾ ਰਿਹਾ ਹੈ।

ਤੱਟ ਦੇ ਸਭ ਬਲਬ ਰੌਸ਼ਨ ਸਨ ਜਿਨ੍ਹਾਂ ਦਾ ਅਕਸ ਕੰਢੇ ਦੇ ਕੰਬਦੇ ਪਾਣੀ ਉੱਤੇ ਕੰਬਦੀਆਂ ਮੋਟੀਆਂ ਲਕੀਰਾਂ ਦੀ ਸੂਰਤ ਵਿੱਚ ਥਾਂ ਥਾਂ ਰੀਂਗ ਰਿਹਾ ਸੀ। ਮੇਰੇ ਕੋਲ਼ ਪਥਰੀਲੀ ਦੀਵਾਰ ਦੇ ਹੇਠਾਂ ਕਈ ਕਿਸ਼ਤੀਆਂ ਦੇ ਲਿਪਟੇ ਹੋਏ ਬਾਦਬਾਨ ਅਤੇ ਬਾਂਸ ਸਹਿਜੇ-ਸਹਿਜੇ ਹਰਕਤ ਕਰ ਰਹੇ ਸਨ। ਸਮੁੰਦਰ ਦੀਆਂ ਲਹਿਰਾਂ ਅਤੇ ਤਮਾਸ਼ਾਈਆਂ ਦੀ ਆਵਾਜ਼ ਇੱਕ ਗੁਣਗੁਣਾਹਟ ਬਣ ਕੇ ਫ਼ਿਜ਼ਾ ਵਿੱਚ ਘੁਲ਼ੀ ਹੋਈ ਸੀ। ਕਦੇ ਕਦੇ ਕਿਸੇ ਆਉਣ ਜਾਂ ਜਾਣ ਵਾਲ਼ੀ ਮੋਟਰ ਦੇ ਹਾਰਨ ਦੀ ਆਵਾਜ਼ ਬੁਲੰਦ ਹੁੰਦੀ ਅਤੇ ਇਵੇਂ ਲੱਗਦਾ ਕਿ ਬੜੀ ਦਿਲਚਸਪ ਕਹਾਣੀ ਸੁਣਨ ਦੇ ਦੌਰਾਨ ਕਿਸੇ ਨੇ ਜ਼ੋਰ ਨਾਲ਼ ‘ਹਾਂ’ ਕੀਤੀ ਹੈ।

ਅਜਿਹੇ ਮਾਹੌਲ ਵਿੱਚ ਸਿਗਰਟ ਪੀਣ ਦਾ ਬਹੁਤ ਮਜ਼ਾ ਆਉਂਦਾ ਹੈ। ਮੈਂ ਜੇਬ ਵਿੱਚ ਹੱਥ ਪਾ ਕੇ ਸਿਗਰਟ ਦੀ ਡੱਬੀ ਕੱਢੀ, ਪਰ ਮਾਚਸ ਨਾ ਮਿਲ਼ੀ। ਪਤਾ ਨਹੀਂ ਕਿੱਥੇ ਭੁੱਲ ਆਇਆ ਸੀ। ਸਿਗਰਟ ਦੀ ਡੱਬੀ ਵਾਪਸ ਜੇਬ ਵਿੱਚ ਰੱਖਣ ਹੀ ਵਾਲ਼ਾ ਸੀ ਕਿ ਕੋਲ਼ੋਂ ਕਿਸੇ ਨੇ ਕਿਹਾ, “ਮਾਚਸ ਲਓ।”

ਮੈਂ ਮੁੜ ਕੇ ਵੇਖਿਆ। ਬੈਂਚ ਦੇ ਪਿੱਛੇ ਇੱਕ ਨੌਜਵਾਨ ਖੜ੍ਹਾ ਸੀ। ਉਂਜ ਤਾਂ ਬੰਬਈ ਦੇ ਆਮ ਬਾਸ਼ਿੰਦਿਆਂ ਦਾ ਰੰਗ ਜ਼ਰਦ ਹੁੰਦਾ ਹੈ। ਪਰੰਤੂ ਉਸਦਾ ਚਿਹਰਾ ਖੌਫ਼ਨਾਕ ਤੌਰ 'ਤੇ ਜ਼ਰਦ ਸੀ। ਮੈਂ ਉਸਦਾ ਧੰਨਵਾਦ ਕੀਤਾ, “ਤੁਹਾਡੀ ਬੜੀ ਮਿਹਰ ਹੈ!”

ਉਸਨੇ ਜਵਾਬ ਦਿੱਤਾ, “ਤੁਸੀਂ ਸਿਗਰਟ ਸੁਲਘਾ ਲਓ, ਮੈਂ ਜਾਣਾ ਹੈ।”

ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਉਸਨੇ ਝੂਠ ਬੋਲਿਆ ਹੈ ਕਿਉਂਕਿ ਉਸਦੇ ਲਹਿਜੇ ਤੋਂ ਇਸ ਗੱਲ ਦਾ ਪਤਾ ਚੱਲਦਾ ਸੀ ਕਿ ਉਸਨੂੰ ਕੋਈ ਜਲਦੀ ਨਹੀਂ ਹੈ ਅਤੇ ਨਾ ਉਸ

86 / ਮੰਟੋ ਦੇ ਅਫ਼ਸਾਨੇ