ਸਮੱਗਰੀ 'ਤੇ ਜਾਓ

ਪੰਨਾ:ਮੰਟੋ ਦੇ ਅਫ਼ਸਾਨੇ - ਸਆਦਤ ਹਸਨ ਮੰਟੋ.pdf/94

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੈਂਚ ਖ਼ਾਲੀ ਨਹੀਂ।"

ਉਸਨੇ ਰਸਮੀ ਤੌਰ ਉੱਤੇ ਕੁਝ ਗੱਲਾਂ ਕੀਤੀਆਂ ਅਤੇ ਮੇਰੇ ਨਾਲ਼ ਟੁਰ ਪਿਆ। ਕੁਝ ਗਜ਼ਾਂ ਦਾ ਫ਼ਾਸਲਾ ਤੈਅ ਕਰਨ ਦੇ ਬਾਅਦ ਅਸੀਂ ਦੋਵੇਂ ਰੇਸਤੋਰਾਂ ਵਿੱਚ ਬੇਦ ਦੀਆਂ ਕੁਰਸੀਆਂ ਉੱਤੇ ਬੈਠ ਗਏ। ਚਾਹ ਦਾ ਆਰਡਰ ਦੇ ਕੇ ਮੈਂ ਉਸ ਵੱਲ ਸਿਗਰੇਟਾਂ ਦਾ ਟਿਨ ਵਧਾ ਦਿੱਤਾ। ਇੱਤਫ਼ਾਕ ਦੀ ਗੱਲ ਹੈ, ਮੈਂ ਉਸੇ ਦਿਨ ਦਸ ਰੁਪਏ ਦੇ ਕੇ ਡਾਕਟਰ ਅਰੋਲਕਰ ਤੋਂ ਮਸ਼ਵਰਾ ਲਿਆ ਸੀ ਅਤੇ ਉਸਨੇ ਮੈਨੂੰ ਕਿਹਾ ਸੀ ਕਿ ਅੱਵਲ ਤਾਂ ਸਿਗਰਟ ਪੀਣੀ ਹੀ ਛੱਡ ਦਿਓ ਅਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਚੰਗੀ ਸਿਗਰਟ ਪੀਆ ਕਰੋ।

ਮਿਸਾਲ ਦੇ ਤੌਰ ਉੱਤੇ ਪੰਜ ਸੌ ਪਚਵੰਜਾ... ਇਸ ਲਈ ਮੈਂ ਡਾਕਟਰ ਦੇ ਕਹਿਣ ਦੇ ਮੁਤਾਬਕ ਇਹ ਟਿਨ ਉਸੇ ਸ਼ਾਮ ਖ਼ਰੀਦਿਆ ਸੀ। ਉਸਨੇ ਡੱਬੇ ਵੱਲ ਗ਼ੌਰ ਨਾਲ਼ ਵੇਖਿਆ। ਫਿਰ ਮੇਰੇ ਵੱਲ ਨਜ਼ਰਾਂ ਉਠਾਈਆਂ, ਕੁਝ ਕਹਿਣਾ ਚਾਹਿਆ ਪਰ ਚੁੱਪ ਰਿਹਾ।

ਮੈਂ ਹੱਸ ਪਿਆ, “ਤੁਸੀਂ ਇਹ ਨਾ ਸਮਝਣਾ ਕਿ ਮੈਂ ਤੁਹਾਡੇ ਕਹਿਣ 'ਤੇ ਇਹ ਸਿਗਰਟ ਪੀਣੀ ਸ਼ੁਰੂ ਕੀਤੀ ਹੈ... ਇਤਫ਼ਾਕ ਦੀ ਗੱਲ ਹੈ ਕਿ ਅੱਜ ਮੈਨੂੰ ਵੀ ਡਾਕਟਰ ਅਰੋਲਕਰ ਦੇ ਕੋਲ਼ ਜਾਣਾ ਪਿਆ ਕਿਉਂਕਿ ਕੁਝ ਦਿਨਾਂ ਤੋਂ ਮੇਰੇ ਸੀਨੇ ਵਿੱਚ ਦਰਦ ਹੋ ਰਿਹਾ ਹੈ, ਇਸ ਲਈ ਉਸਨੇ ਮੈਨੂੰ ਕਿਹਾ ਕਿ ਇਹ ਸਿਗਰਟ ਪੀਆ ਕਰੋ ਪਰੰਤੂ ਬਹੁਤ ਘੱਟ..."

ਮੈਂ ਇਹ ਕਹਿੰਦੇ ਹੋਏ ਉਸ ਵੱਲ ਵੇਖਿਆ ਅਤੇ ਮਹਿਸੂਸ ਕੀਤਾ ਕਿ ਉਸ ਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ। ਇਸ ਲਈ ਮੈਂ ਫ਼ੌਰਨ ਜੇਬ ਵਿੱਚੋਂ ਉਹ ਨੁਸਖ਼ਾ ਕੱਢਿਆ ਜੋ ਡਾਕਟਰ ਅਰੋਲਕਰ ਨੇ ਮੈਨੂੰ ਲਿਖ ਕੇ ਦਿੱਤਾ ਸੀ। ਇਹ ਕਾਗ਼ਜ਼ ਮੇਜ਼ ’ਤੇ ਮੈਂ ਉਸਦੇ ਸਾਹਮਣੇ ਰੱਖ ਦਿੱਤਾ। “ਇਹ ਇਬਾਰਤ ਮੇਰੇ ਕੋਲੋਂ ਪੜ੍ਹੀ ਤਾਂ ਨਹੀਂ ਜਾਂਦੀ। ਪਰ ਅਜਿਹਾ ਲੱਗਦਾ ਹੈ ਕਿ ਡਾਕਟਰ ਸਾਹਿਬ ਨੇ ਵਿਟਾਮਿਨ ਦਾ ਸਾਰਾ ਖ਼ਾਨਦਾਨ ਇਸ ਨੁਸਖ਼ੇ ਵਿੱਚ ਜਮ੍ਹਾ ਕਰ ਦਿੱਤਾ ਹੈ।”

ਉਸ ਕਾਗ਼ਜ਼ ਨੂੰ, ਜਿਸ ਉੱਤੇ ਉਭਰੇ ਹੋਏ ਕਾਲ਼ੇ ਅੱਖਰਾਂ ਵਿੱਚ ਡਾਕਟਰ ਅਰੋਲਕਰ ਦਾ ਨਾਮ ਅਤੇ ਪਤਾ ਲਿਖਿਆ ਹੋਇਆ ਸੀ ਅਤੇ ਤਾਰੀਖ਼ ਵੀ ਲਿਖੀ ਹੋਈ ਸੀ, ਉਸਨੇ ਚੋਰ ਨਿਗਾਹਾਂ ਨਾਲ਼ ਵੇਖਿਆ ਅਤੇ ਉਹ ਬੇਚੈਨੀ ਜੋ ਉਸਦੇ ਚਿਹਰੇ ਉੱਤੇ ਪੈਦਾ ਹੋ ਗਈ ਸੀ ਫ਼ੌਰਨ ਦੂਰ ਹੋ ਗਈ। ਇਸ ਲਈ ਉਸਨੇ ਮੁਸਕਰਾ ਕੇ ਕਿਹਾ, “ਕੀ ਵਜ੍ਹਾ ਹੈ ਕਿ ਅਕਸਰ ਲਿਖਣ ਵਾਲਿਆਂ ਦੇ ਅੰਦਰ ਵਿਟਾਮਿਨਜ਼ ਖ਼ਤਮ ਹੋ ਜਾਂਦੇ ਹਨ?”

ਮੈਂ ਜਵਾਬ ਦਿੱਤਾ, “ਇਸ ਲਈ ਕਿ ਉਨ੍ਹਾਂ ਨੂੰ ਖਾਣ ਨੂੰ ਕਾਫ਼ੀ ਨਹੀਂ ਮਿਲਦਾ। ਕੰਮ ਜ਼ਿਆਦਾ ਕਰਦੇ ਹਨ। ਪਰੰਤੂ ਮਜ਼ਦੂਰੀ ਬਹੁਤ ਘੱਟ ਮਿਲ਼ਦੀ ਹੈ।”

ਇਸਦੇ ਬਾਅਦ ਚਾਹ ਆ ਗਈ ਅਤੇ ਦੂਜੀਆਂ ਗੱਲਾਂ ਸ਼ੁਰੂ ਹੋ ਗਈਆਂ।

ਪਹਿਲੀ ਮੁਲਾਕਾਤ ਅਤੇ ਇਸ ਮੁਲਾਕਾਤ ਵਿੱਚ ਸ਼ਾਇਦ ਢਾਈ ਮਹੀਨੇ ਦਾ ਫ਼ਾਸਲਾ ਸੀ। ਉਸਦੇ ਚਿਹਰੇ ਦਾ ਰੰਗ ਪਹਿਲ਼ਾਂ ਨਾਲ਼ੋਂ ਜ਼ਿਆਦਾ ਪੀਲ਼ਾ ਸੀ। ਅੱਖਾਂ ਦੇ ਗਿਰਦ ਕਾਲ਼ੇ ਘੇਰੇ ਬਣ ਰਹੇ ਸਨ। ਉਸਨੂੰ ਸ਼ਾਇਦ ਕੋਈ ਤਕਲੀਫ਼ ਸੀ ਜਿਸਦਾ ਅਹਿਸਾਸ ਉਸਨੂੰ ਹਰ ਵਕਤ ਰਹਿੰਦਾ ਸੀ ਕਿਉਂਕਿ ਗੱਲਾਂ ਕਰਦੇ-ਕਰਦੇ ਕਈ ਵਾਰ ਉਹ ਰੁਕ ਜਾਂਦਾ ਅਤੇ

94 / ਮੰਟੋ ਦੇ ਅਫ਼ਸਾਨੇ