ਉਸਦੇ ਹੋਠਾਂ ਵਿੱਚੋਂ ਆਪਮੁਹਾਰੇ ਆਹ ਨਿਕਲ ਜਾਂਦੀ। ਜੇਕਰ ਹੱਸਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਸਦੇ ਹੋਠਾਂ ਵਿੱਚ ਜ਼ਿੰਦਗੀ ਪੈਦਾ ਨਹੀਂ ਹੁੰਦੀ ਸੀ।
ਮੈਂ ਇਹ ਕੈਫ਼ੀਅਤ ਵੇਖ ਕੇ ਉਸ ਨੂੰ ਅਚਾਨਕ ਤੌਰ ਉੱਤੇ ਪੁੱਛਿਆ, “ਤੁਸੀਂ ਉਦਾਸ ਕਿਉਂ ਹੋ?”
“ਉਦਾਸ... ਉਦਾਸ।” ਇੱਕ ਫਿੱਕੀ ਜਿਹੀ ਮੁਸਕਰਾਹਟ, ਜੋ ਉਨ੍ਹਾਂ ਮਰਨ ਵਾਲਿਆਂ ਦੇ ਹੋਠਾਂ ਉੱਤੇ ਪੈਦਾ ਹੋਇਆ ਕਰਦੀ ਹੈ ਜੋ ਜ਼ਾਹਰ ਕਰਨਾ ਚਾਹੁੰਦੇ ਹਨ ਕਿ ਉਹ ਮੌਤ ਤੋਂ ਡਰਦੇ ਨਹੀਂ, ਉਸਦੇ ਹੋਠਾਂ ਉੱਤੇ ਫੈਲੀ। “ਮੈਂ ਉਦਾਸ ਨਹੀਂ ਹਾਂ। ਤੁਹਾਡੀ ਤਬੀਅਤ ਉਦਾਸ ਹੋਵੇਗੀ।”
ਇਹ ਕਹਿ ਕੇ ਉਸਨੇ ਇੱਕ ਹੀ ਘੁੱਟ ਵਿੱਚ ਚਾਹ ਦੀ ਪਿਆਲੀ ਖ਼ਾਲੀ ਕਰ ਦਿੱਤੀ ਅਤੇ ਉਠ ਖੜ੍ਹਾ ਹੋਇਆ, "ਚੰਗਾ ਤਾਂ ਮੈਂ ਇਜਾਜ਼ਤ ਚਾਹੁੰਦਾ ਹਾਂ... ਇੱਕ ਜ਼ਰੂਰੀ ਕੰਮ ਜਾਣਾ ਹੈ।”
ਮੈਨੂੰ ਭਰੋਸਾ ਸੀ ਕਿ ਉਸਨੇ ਕਿਸੇ ਜ਼ਰੂਰੀ ਕੰਮ ਨਹੀਂ ਜਾਣਾ। ਪਰ ਮੈਂ ਉਸਨੂੰ ਨਹੀਂ ਰੋਕਿਆ ਅਤੇ ਜਾਣ ਦਿੱਤਾ। ਇਸ ਵਾਰ ਫਿਰ ਉਸਦਾ ਨਾਮ ਪਤਾ ਨਾ ਕਰ ਸਕਿਆ। ਪਰੰਤੂ ਇੰਨਾ ਪਤਾ ਚੱਲ ਗਿਆ ਕਿ ਉਹ ਮਾਨਸਿਕ ਅਤੇ ਰੂਹਾਨੀ ਤੌਰ 'ਤੇ ਬੇਹੱਦ ਪਰੇਸ਼ਾਨ ਸੀ, ਉਹ ਉਦਾਸ ਸੀ। ਸਗੋਂ ਇਵੇਂ ਕਹੋ ਕਿ ਉਦਾਸੀ ਉਸਦੀ ਰਗ-ਰਗ ਵਿੱਚ ਸਮਾ ਚੁੱਕੀ ਸੀ। ਪਰ ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਉਦਾਸੀ ਦਾ ਦੂਸਰਿਆਂ ਨੂੰ ਪਤਾ ਹੋਵੇ।
ਉਹ ਦੋ ਜ਼ਿੰਦਗੀਆਂ ਬਸਰ ਕਰਨਾ ਚਾਹੁੰਦਾ ਸੀ। ਇੱਕ ਉਹ ਜੋ ਹਕੀਕਤ ਸੀ ਅਤੇ ਇੱਕ ਉਹ ਜਿਸਦੀ ਸਿਰਜਣਾ ਵਿੱਚ ਹਰ ਘੜੀ, ਹਰ ਪਲ ਮਸਰੂਫ਼ ਰਹਿੰਦਾ ਸੀ। ਪਰੰਤੂ ਉਸਦੀ ਜ਼ਿੰਦਗੀ ਦੇ ਇਹ ਦੋਵੇਂ ਪਹਿਲੂ ਨਾਕਾਮ ਸਨ। ਕਿਉਂ? ਇਹ ਮੈਨੂੰ ਪਤਾ ਨਹੀਂ।
ਉਸ ਨਾਲ਼ ਤੀਜੀ ਵਾਰ ਮੇਰੀ ਮੁਲਾਕਾਤ ਫਿਰ ਅਪੋਲੋ-ਬੰਦਰ 'ਤੇ ਹੋਈ। ਇਸ ਵਾਰ ਮੈਂ ਉਸਨੂੰ ਆਪਣੇ ਘਰ ਲੈ ਗਿਆ। ਰਸਤੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਹੋਈ ਪਰੰਤੂ ਘਰ ਜਾ ਕੇ ਉਸਦੇ ਨਾਲ਼ ਬਹੁਤ ਗੱਲਾਂ ਹੋਈਆਂ। ਜਦੋਂ ਉਹ ਮੇਰੇ ਕਮਰੇ ਵਿੱਚ ਵੜਿਆ ਤਾਂ ਉਸਦੇ ਚਿਹਰੇ ਉੱਤੇ ਕੁਝ ਪਲਾਂ ਲਈ ਉਦਾਸੀ ਛਾ ਗਈ। ਪਰ ਉਹ ਫ਼ੌਰਨ ਸੰਭਲ ਗਿਆ ਅਤੇ ਉਸਨੇ ਆਪਣੀ ਆਦਤ ਦੇ ਖ਼ਿਲਾਫ਼ ਆਪਣੇ ਆਪ ਨੂੰ ਬਹੁਤ ਤਰੋਤਾਜ਼ਾ ਅਤੇ ਗਾਲੜੀ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ।
ਉਹਨੂੰ ਇਸ ਹਾਲਤ ਵਿੱਚ ਵੇਖ ਕੇ ਮੈਨੂੰ ਉਸ ਉੱਤੇ ਹੋਰ ਵੀ ਤਰਸ ਆ ਗਿਆ। ਉਹ ਇੱਕ ਮੌਤ ਵਰਗੀ ਯਕੀਨੀ ਹਕੀਕਤ ਨੂੰ ਝੁਠਲਾ ਰਿਹਾ ਸੀ ਅਤੇ ਮਜ਼ਾ ਇਹ ਹੈ ਕਿ ਇਸ ਖੁਦਫ਼ਰੇਬੀ ਤੋਂ ਕਦੇ-ਕਦੇ ਉਹ ਸੰਤੁਸ਼ਟ ਵੀ ਨਜ਼ਰ ਆਉਂਦਾ ਸੀ।
ਗੱਲਾਂ ਦੇ ਦੌਰਾਨ ਉਸਦੀ ਨਜ਼ਰ ਮੇਰੇ ਮੇਜ਼ 'ਤੇ ਪਈ। ਸ਼ੀਸ਼ੇ ਦੇ ਫਰੇਮ ਵਿੱਚ ਉਹਨੂੰ ਇੱਕ ਕੁੜੀ ਦੀ ਤਸਵੀਰ ਨਜ਼ਰ ਆਈ। ਉੱਠ ਕੇ ਉਸਨੇ ਤਸਵੀਰ ਵੱਲ ਜਾਂਦੇ ਹੋਏ ਕਿਹਾ, “ਕੀ ਮੈਂ ਤੁਹਾਡੀ ਇਜਾਜ਼ਤ ਨਾਲ਼ ਇਹ ਤਸਵੀਰ ਵੇਖ ਸਕਦਾ ਹਾਂ?”
ਮੈਂ ਕਿਹਾ, “ਜੀ ਸਦਕੇ!"
95 / ਮੰਟੋ ਦੇ ਅਫ਼ਸਾਨੇ