ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਥੇ ਸੱਚਾ ਗਿਆਨ ਵੀ ਨਹੀਂ ਹੋ ਸਕਦਾ। 'ਚਿਤ' ਪਦ ਪ੍ਰਭੂ ਦੇ ਨਾਉਂ ਨਾਲ ਸੰਬੰਧਤ ਹੈ। ਅਤੇ ਜਿਥੇ ਸੱਚਾ ਗਿਆਨ ਹੈ ਉਥੇ ਆਨੰਦ (ਖੇੜਾ) ਵੀ ਹੈ। ਉਪਰਾਮਤਾ ਨੂੰ ਉਥੇ ਕੋਈ ਟਿਕਾਣਾ ਨਹੀਂ ਹੁੰਦਾ। ਜਿਵੇਂ ਸਚਾਈ ਸਦੀਵੀ ਹੈ, ਤਿਵੇਂ ਹੀ ਉਸ ਤੋਂ ਪ੍ਰਾਪਤ ਹੋਇਆ ਆਨੰਦ ਵੀ ਸਦੀਵੀ ਹੁੰਦਾ ਹੈ। ਇਸੇ ਕਰ ਕੇ ਆ ਪ੍ਰਭੂ ਨੂੰ ਸਤ-ਚਿਤ-ਆਨੰਦ ਕਹਿੰਦੇ ਹਾਂ - ਭਾਵ ਉਹ ਜਿਸ ਵਿਚ ਸਚਾਈ, ਗਿਆਨ ਅਤੇ ਖੇੜਾ ਸਾਰੇ ਮੌਜੂਦ ਹੋਣ।

ਸਚਾਈ ਦੀ ਸ਼ਰਧਾ ਹੀ ਇਕ ਮਨੁਖੀ ਹੋਂਦ ਦੀ ਸਹੀ ਯੋਗਤਾ (just fication) ਹੈ। ਸਾਡੀ ਸਾਰੀ ਜੱਦੋ-ਜਹਿਦ ਦੀ ਚੂਲ ਸਚਾਈ ਹੋਣੀ ਚਾਹੀਦੀ ਹੈ। ਸਚਾਈ ਸਾਡੇ ਜੀਵਨ ਦੇ ਸ੍ਵਾਸ ਹੋਣੇ ਚਾਹੀਦੇ ਹਨ। ਜਦੋਂ ਇਕ ਵੇਰ ਯਾਤਰੂ ਦੀ ਤਰੱਕੀ ਇਸ ਹਦ ਤਕ ਪਹੁੰਚ ਜਾਵੇ,ਬਾਕੀ ਦੇ ਜੀਵਨ ਦੇ ਸਹੀ ਅਸੂਲ ਬਿਨਾਂ ਯਤਨ ਆਉਂਦੇ ਜਾਂਦੇ ਹਨ ਅਤੇ ਉਨ੍ਹਾਂ ਦੀ ਆਗਿਆ ਅਨੁਸਾਰੀ ਹੋਣਾ ਫ਼ਿਤਰਤੀ ਹੋ ਜਾਂਦਾ ਹੈ। ਪਰ ਸੱਚ ਤੋਂ ਬਿਨਾਂ ਜੀਵਨ ਦੇ ਕਿਸੇ ਅਸੂਲ ਜਾਂ ਨਿਯਮ ਤੇ ਤੁਰਨਾ ਅਸੰਭਵ ਹੈ।

ਆਮ ਤੌਰ ਤੇ ਸਤਯ ਦੇ ਆਸ਼ਰਮ ਦੇ ਤੁਰਨ ਤੋਂ ਭਾਵ ਕੇਵਲ ਇਹ ਲਿਆ ਜਾਂਦਾ ਹੈ ਕਿ ਅਸੀਂ ਜ਼ਰੂਰ ਸਚ ਬੋਲੀਏ। ਪਰ ਅਸਾਨੂੰ ਆਸ਼ਰਮ ਵਾਲਿਆਂ ਨੂੰ ਸਤਯ ਪਦ ਦੇ ਵਿਸ਼ਾਲ ਭਾਵ ਨੂੰ ਸਮਝਣਾ ਚਾਹੀਦਾ ਹੈ। ਵਿਚਾਰ ਵਿਚ ਸਚਾਈ ਹੋਵੇ, ਬੋਲੀ ਵਿਚ ਸਹਾਈ ਹੋਵੇ ਅਤੇ ਕਰਮਾਂ ਵਿਚ ਵੀ ਸਚਾਈ ਹੋਵੇ। ਜਿਸ ਮਨੁਖ ਨੇ ਇਸ ਸਚ ਨੂੰ ਆਪਣੀ ਪੂਰਨਤਾ ਵਿਚ ਗ੍ਰਹਿਣ ਕੀਤਾ ਹੈ, ਉਸ ਨੂੰ ਹੋਰ ਕੁਝ ਜਾਨਣ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਸਾਰਾ ਗਿਆਨ ਅਵਸ਼ ਸਤਯ ਵਿਚ ਸੰਯੁਕਤ ਹੈ। ਜੋ ਇਸ ਨਾਲ ਸੰਯੁਕਤ ਨਹੀਂ, ਉਹ ਸਚਾਈ ਹੀ ਨਹੀਂ, ਇਸ ਲਈ ਉਹ ਸੱਚਾ ਗਿਆਨ ਨਹੀਂ ਅਤੇ ਸੱਚੇ ਗਿਆਨ ਬਾਝੋਂ ਅੰਤ੍ਰੀਵ (ਅੰਦਰੂਨੀ) ਸ਼ਾਂਤੀ ਨਹੀਂ ਹੋ ਸਕਦੀ। ਜੇ ਕਰ ਅਸੀ ਇਕ ਵੇਰ ਸਤਯ ਦੀ ਇਸ ਅਚੁਕ ਪਰਖ ਨੂੰ ਘਟਾ ਲੈਣਾ ਸਿਖ ਲਈਏ ਤਾਂ ਅਸੀਂ ਫੌਰਨ ਪਤਾ ਕਰ ਸਕਾਂਗੇ ਕਿ ਕੀ ਕੁਝ ਕਰਨ ਜੋਗ ਹੈ, ਕੀ ਕੁਝ ਵੇਖਣ ਜੋਗ ਹੈ ਅਤੇ ਕੀ ਕੁਝ ਪੜਨ ਜੋਗ ਹੈ।