ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ। ਇਸ ਤੋਂ ਅਡ ਇਕ ਹੋਰ ਮਨੁਖੀ ਆਤਮਾ ਨੂੰ ਨੀਚ ਕਰਨ ਵਾਲੀ ਚੋਰੀ ਵੀ ਹੈ। ਕਿਸੇ ਦੀ ਵਸਤ ਨੂੰ ਅਪਨਾਣ ਦੀ ਖ਼ਾਹਿਸ਼ ਕਰਨਾ ਜਾਂ ਪਰਵਸਤ ਨੂੰ ਲਾਲਚੀ ਨੇਤ੍ਰਾਂ ਨਾਲ ਵੇਖਣਾ ਵੀ ਚੋਰੀ ਹੈ। ਆਮ ਤੌਰ ਤੇ ਰੋਟੀ ਨਾ ਖਾਣ ਨੂੰ ਵਰਤ ਆਖਦੇ ਹਨ। ਪਰ ਅਜਿਹਾ ਵਰਤਧਾਰੀ ਜੋ ਦੂਸਰਿਆਂ ਨੂੰ ਖਾਣਾ ਖਾਂਦਿਆਂ ਵੇਖ ਕੇ ਅੰਦਰੋ ਅੰਦਰ ਮਾਨਸਕ ਖ਼ਾਹਿਸ਼ ਵਿਚ ਵਿਲਲਾਂਦਾ ਹੈ, ਚੋਰੀ-ਤਿਆਗ ਤੇ ਵਰਤ ਦੋਹਾਂ ਸਾਧਨਾਵਾਂ ਦੇ ਖੰਡਨ ਦਾ ਗੁਨਾਹਗਾਰ ਹੈ। ਜੇਕਰ ਉਹ ਵਰਤ ਪਿਛੋਂ ਖਾਣ ਵਾਲੇ ਪਦਾਰਥਾਂ ਦੇ ਸੁਫ਼ਨੇ ਲੈਂਦਾ ਹੈ ਤਾਂ ਵੀ ਉਹ ਇਸੇ ਪ੍ਰਕਾਰ ਦਾ ਗੁਨਾਹ ਕਰਦਾ ਹੈ।

ਚੋਰੀ-ਤਿਆਗ ਸਾਧਨਾਂ-ਧਾਰੀ ਅਰਥਾਤ ਚੋਰੀ ਤਿਆਗ ਦਾ ਅਭਿਆਸੀ, ਭਵਿਖਤ ਵਿਚ ਅਪਨਾਣ ਵਾਲੀਆਂ ਵਸਤਾਂ ਦੇ ਟੰਟੇ ਵਿਚ ਪੈਣੋਂ ਇਨਕਾਰ ਕਰ ਦਿੰਦਾ ਹੈ। ਇਹ ਭਵਿਖ-ਚਿੰਤਾ ਕਈ ਚੋਰੀਆਂ ਦਾ ਮੂਲ ਹੁੰਦੀ ਹੈ। ਅਜ ਅਸੀ ਇਕ ਵਸਤੂ ਨੂੰ ਲੈਣ ਦੀ ਕੇਵਲ ਵਿਚਾਰ ਕਰਦੇ ਹਾਂ, ਕਲ੍ਹ ਅਸੀ ਉਸ ਨੂੰ ਅਪਨਾਣ ਲਈ, ਹੋ ਸਕੇ ਤਾਂ, ਸਿੱਧੇ ਨਹੀਂ ਤਾਂ ਪੁੱਠੇ ਤਰੀਕੇ ਵੀ ਅਖਤਿਆਰ ਕਰਾਂਗੇ।

ਮਾਇਕ ਪਦਾਰਥਾਂ ਵਾਂਗ 'ਵਿਚਾਰ' ਦੀ ਚੋਰੀ ਵੀ ਹੋ ਸਕਦੀ ਹੈ। ਜੋ ਕੋਈ ਜਾਣ ਬੁਝ ਕੇ ਇਕ ਖ਼ਿਆਲ ਦਾ ਮੋਢੀ ਹੋਣ ਦਾ ਦਾਹਵਾ ਕਰਦਾ ਹੈ, ਹਾਲਾਂ ਕਿ ਉਸ ਨੂੰ ਅਸਲੀ ਮੋਢੀ ਨਾ ਹੋਣ ਦੀ ਚੇਤੰਨਤਾ ਵੀ ਹੈ, ਤਾਂ ਉਹ ਵਿਚਾਰ-ਚੋਰੀ ਦਾ ਅਪਰਾਧੀ ਹੈ। ਸੰਸਾਰ ਇਤਿਹਾਸ ਵਿਚ ਕਈ ਵਿਦਵਾਨ ਵੀ ਇਸ ਚੋਰੀ ਦੇ ਭਾਗੀ ਹਨ। ਅਜ ਵੀ ਲੇਖ-ਚੋਰੀ ਆਮ ਪਰਚਲਤ ਹੈ। ਉਧਾਰਨ ਲਈ: ਜੇ ਕਰ ਮੈਂ ਅੰਧਰਾ ਦੇਸ ਵਿਚ ਇਕ ਨਵੇਂ ਨਮੂਨੇ ਦਾ ਚਰਖਾ ਵੇਖਾਂ ਅਤੇ ਆਸ਼ਰਮ ਵਿਚ ਆ ਕੇ ਉਸ ਨੂੰ ਆਪਣੀ ਕਾਢ ਦਸ ਕੇ ਬਨਾਣਾ ਸ਼ੁਰੂ ਕਰ ਦਿਆਂ ਤਾਂ ਇਕ ਤਾਂ ਮੈਂ ਕੁਸੱਤ ਕਹਿੰਦਾ ਹਾਂ ਅਤੇ ਦੂਸਰੇ ਨਿਸਚਿਤ ਚੋਰੀ ਦਾ ਅਪਰਾਧੀ ਵੀ ਹਾਂ।

ਇਸ ਲਈ ਚੋਰੀ-ਤਿਆਗ ਸਾਧਨਾਂ ਦੇ ਅਭਿਆਸੀ ਲਈ ਨਿਰਮਾਣ, ਵਿਚਾਰਵਾਨ, ਹੁਸ਼ਿਆਰ ਅਤੇ ਆਦਤਾਂ ਦਾ ਸਾਦਾ ਹੋਣਾ ਜ਼ਰੂਰੀ ਹੈ।

੨੦