ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੌਂਹ ਖਾਣਾ ਕਮਜ਼ੋਰੀ ਨਹੀਂ ਸਗੋਂ ਤਾਕਤ ਦੀ ਨਿਸ਼ਾਨੀ ਹੈ। ਕਿਸੇ ਕੰਮ ਨੂੰ ਜੋ ਕਰਨਾ ਚਾਹੀਦਾ ਹੈ, ਹਰ ਮੁਲ ਤੇ ਕਰਨ ਨੂੰ ਕਸਮ ਆਖਦੇ ਹਨ। ਇਹ ਬਲਦੀ ਪਹਿਰੇਦਾਰ (Bul wark) ਬਣ ਜਾਂਦੀ ਹੈ। ਕਿਸੇ ਦਾ ਇਹ ਕਹਿਣਾ ਕਿ ਉਹ ਓਨਾਂ ਕੁਝ ਕਰੇਗਾ 'ਜਿੰਨਾ ਕੁ ਮੁਮਕਿਨ' ਹੋਸੀ, ਉਸ ਦੀ ਕਮਜ਼ੋਰੀ ਜਾਂ ਹੰਕਾਰ ਨੂੰ ਦਰਸਾਂਦਾ ਹੈ। ਮੈਂ ਆਪਣੇ ਲਈ ਵੀ ਤੇ ਹੋਰਨਾਂ ਦੇ ਮਾਮਲੇ ਵਿਚ ਵੀ 'ਜਿੰਨਾ ਕਿ ਮੁਮਕਨ ਹੋਸੀ' ਨੂੰ ਬੜਾ ਸ੍ਵੈ-ਘਾਤਕ ਬਹਾਨਾ (Fatal loophole) ਡਿੱਠਾ ਹੈ। 'ਜਿੰਨਾ ਹੀ ਮੁਮਕਨ ਹੋਸੀਂ' ਕਰਨਾ ਜਾਣੋਂ ਪਹਿਲਾਂ ਹੀ ਤਿਲਕਣ ਦਾ ਸ਼ਿਕਾਰ ਹੋਣਾ ਹੈ। ਇਸ ਕਥਨੀ ਵਿਚ ਕਿ ਕੋਈ ਆਦਮੀ 'ਜਿੰਨਾ ਮੁਮਕਨ ਹੋਸੀ’ ਸੱਚ ਦਾ ਗ੍ਰਹਿਣ ਕਰੇਗਾ, ਕੋਈ ਸੋਝੀ ਨਹੀਂ। ਐਨ ਜਿਵੇਂ ਕੋਈ ਬਿਓਪਾਰੀ ਉਸ ਪ੍ਰੋਨੋਟ ਨੂੰ ਪ੍ਰਵਾਨ ਨਹੀਂ ਕਰੇਗਾ, ਜਿਸ ਵਿਚ ਕਿ ਅਮੁਕੀ ਤਰੀਕ ਨੂੰ ਅਮੁਕੀ ਰਕਮ 'ਜਿੰਨਾ ਕਿ ਮੁਮਕਨ ਹੋ ਸਕੇ’ ਅਦਾ ਕਰਨ ਦਾ ਇਕਰਾਰ ਲਿਖਿਆ ਹੈ, ਈਸ਼ਵਰ ਵੀ ਇਹੋ ਜਹੇ ਇਕਰਾਰ-ਨਾਮੇ ਨੂੰ, ਜਿਸ ਵਿਚ, 'ਜਿੰਨਾ ਕਿ ਦੇ ਮੁਮਕਨ ਹੋਸੀ' ਸਤਯਵਾਦੀ ਹੋਣ ਦਾ ਇਕਰਾਰ ਹੋਵੇਗਾ, ਪ੍ਰਵਾਨ ਨਹੀਂ ਕਰੇਗਾ।

ਪ੍ਰਭੂ ਸੌਗੰਧ ਦੀ ਐਨ ਤਸਵੀਰ ਹੈ। ਰੱਬ, ਰੱਬ ਹੀ ਨ ਰਹਿਸੀ, ਜੇ ਉਹ ਆਪਣੇ ਅਸੂਲਾਂ ਤੋਂ ਵਾਲ ਭਰ ਵੀ ਡੋਲ ਜਾਵੇ। ਸੂਰਜ ਆਪਣੀ ਸਾਧਨਾ ਦਾ ਵੱਡਾ ਪਾਲਕ ਹੈ। ਇਸੇ ਕਰ ਕੇ ਵਕਤ ਦੀ ਗਿਣਤੀ ਤੇ ਜੰਤਰੀਆਂ ਦਾ ਛਪਣਾ ਸੰਭਵ ਹੈ। ਸਾਰਾ ਵਿਓਪਾਰ ਹੀ ਬਚਨ-ਪਾਲਣਾ ਦੇ ਅਧਾਰ ਤੇ ਹੈ। ਕੀ ਅਜਿਹੇ ਇਕਰਾਰ ਆਚਰਨ ਉਸਾਰੀ ਜਾਂ ਸ੍ਵੈ-ਪ੍ਰਗਟਤਾ (Self-realisation) ਲਈ ਘਟ ਜ਼ਰੂਰੀ ਹਨ? ਇਸ ਲਈ ਸਾਨੂੰ ਕਦੇ ਵੀ ਸ੍ਵੈ-ਪ੍ਰਗਟਤਾ ਅਤੇ ਸ੍ਵੈ-ਪੁੰਨਤਾ (Sett-purification) ਲਈ ਸੌਗੰਧਾਂ ਦੀ ਲੋੜ ਉਤੇ, ਕਦੇ ਵੀ ਸ਼ਕ ਨਹੀਂ ਕਰਨਾ ਚਾਹੀਦਾ।

੪੭