ਸਮੱਗਰੀ 'ਤੇ ਜਾਓ

ਪੰਨਾ:ਯਾਦਾਂ.pdf/16

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਦਿਲ ਹੈ ਪਰ ਦਿਲਦਾਰ ਨਹੀਂ"

ਐਡੀ ਦੁਨੀਆਂ ਅੰਦਰ ਕੱਲਾ,
ਭਟਕ ਰਿਹਾ ਹਾਂ ਕਲ ਮੁਕੱਲਾ,
ਕੋਈ ਮਹਿਰਮ ਯਾਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।
ਖੋਜੇ ਪਰਬਤ ਜੂਹਾਂ ਬੇਲੇ,
ਨਾ ਹੋਏ ਦਿਲਬਰ ਦੇ ਮੇਲੇ,
ਸਾਰੇ ਖਿਜ਼ਾਂ, ਬਹਾਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।
ਰਸਤੇ ਐਵੇਂ ਤਕ ਤਕ ਥਕੀਆਂ,
ਢੂੰਡ ਢੂੰਡ ਕੇ ਅਖੀਆਂ ਪਕੀਆਂ,
ਕਦੇ ਵੀ ਹੋਈਆਂ ਚਾਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।
ਰੱਬਾ! ਕਿਉਂ ਇਸ ਦੁਨੀਆਂ ਅੰਦਰ,
ਬੁਤ ਖਾਨੇ ਵਿਚ-ਅੰਦਰ ਮੰਦਰ,
ਦਿਖਲਾਵਾ ਹੈ- ਪਿਆਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।
ਬਾਹਿਰ ਤੇ ਕਿਧਰੇ ਨਾ ਜਾਪੇ,
ਐ ਦਿਲ ਵੇਖ ਕਿਤੇ ਤੂੰ ਆਪੇ,
ਸੋਹਣਿਆਂ ਦਾ ਸਰਦਾਰ ਨਹੀਂ ? ਦਿਲ ਹੈ ਪਰ ਦਿਲਦਾਰ ਨਹੀਂ।