ਪੰਨਾ:ਯਾਦਾਂ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਜਿਨ੍ਹਾਂ ਲੱਗੀਆਂ

ਜਿਨ੍ਹਾਂ ਲੱਗੀਆਂ ਬਰਛੀਆਂ ਗੁਝੀਆਂ ਨੀ,
ਦਾਰੂ ਕਰਨ ਰਾਜੀ ਨਾ ਤਬੀਬ ਵਾਲੇ।
ਜਿਨ੍ਹਾਂ ਯਾਰ ਪਿਛੇ ਮੌਤ ਖੇਡ ਸਮਝੀ,
ਓਹ ਕੀ ਜਾਣਦੇ ਖੌਫ ਸਲੀਬ ਵਾਲੇ।
ਓਹ ਨਾ ਫਿਰਨ ਭੌਂਦੇ ਦਰਬਦਰ ਦਿਸਨ,
ਜਿਨ੍ਹਾਂ ਫੜੇ ਪੱਲੇ ਇਕ ਹਬੀਬ ਵਾਲੇ।
ਕੌੜੇ ਬੋਲ ਕਹਿਕੇ ਖੈਹ ਖੈਹ ਮਰੇ ਦੁਨੀਆਂ,
ਲਾਹੇ ਲੱਈ ਜਾਂਦੇ ਮਿਠੀ ਜੀਭ ਵਾਲੇ।
ਮਹਿਲਾਂ ਵਾਲੀਏ ਨਾ ਕਰ ਮਾਨ ਐਡੇ,
ਕੰਮ ਸਾਂਈ ਦੇ ਅਜਬ ਤਰਕੀਬ ਵਾਲੇ।
ਕੀ ਪਤਾ ਓਹਨੂੰ ਤੇਰੇ ਮਹਿਲ ਜਾਕੇ,
ਢਠੇ ਕੁਲੜੇ ਭਾਵਨ ਗਰੀਬ ਵਾਲੇ।
ਦੀਵਾ ਜਗੇ ਤੇ ਰਹਿਣ ਅੰਧੇਰ ਅੰਦਰ,
ਬੈਠੇ ਹੇਠਲੇ ਬਹੁਤੇ ਕਰੀਬ ਵਾਲੇ।
ਬੱਦਲ ਸਾਈਂ ਦੀ ਮੇਹਰ ਦਾ ਜਦੋਂ ਵੱਸੇ,
ਨੀਂਵੇ ਥਾਂ ਜੇਹੜੇ ਸੋ ਨਸੀਬ ਵਾਲੇ।

੨੪