ਯੂਸਫ਼ ਜ਼ੁਲੈਖਾ
7
ਪਾਕ ਲੁਕਾਇ[1] ਇਲਾਹੀ ਦਿੱਤਾ, ਨ ਕੁਝ ਸ਼ਿਬ੍ਹਾ[2] ਨਮੂਨਾ।
ਇਸ ਦੌਲਤ ਥੀਂ ਮਹਿਰੂਮ[3] ਨ ਰਖੀਂ ਬੇ ਮਿਸਲਾ ਬੇ ਚੂਨਾ।54।
ਆਪ ਜਿਨ੍ਹਾਂ ਨੂੰ ਮੌਲਾ ਆਖੇ, "ਨੇੜੇ ਆਓ ਹਬੀਬਾ[4]।
ਸਿਫ਼ਤ ਤਿਨ੍ਹਾਂ ਦੀ ਤੂੰ ਕਿਆ ਕਰਸੇਂ, ਹਾਫ਼ਿਜ਼ ਸ਼ੁਹਦ[5] ਗਰੀਬਾ।55।
ਜੇ ਮੈਂ ਸਹੰਸ[6] ਮੂੰਹਾਂ ਦੇ ਹੋਵਣ, ਜੀਭਾਂ ਲਖ ਕਰੋੜੀਂ।
ਸੈ ਵਰ੍ਹਿਆਂ ਦੀ ਮਿਹਨਤ ਕਰ ਕੇ, ਲਖ ਰਸਾਲਾ ਜੋੜੀਂ।56।
ਮਦਹ[7] ਨਬੀ ਦੀ ਤੁਮ ਨ ਹੋਸੀ, ਜਿਉਂ ਕਰ ਹੁੱਬ[8] ਦਿਲੇ ਦੀ।
ਜੇ ਰੱਬ ਭਾਵੇ ਕਰੇ ਕਬੂਲਤ, ਈਹਾ ਅਰਜ਼ ਬੰਦੇ ਦੀ।57।
ਮਦਹ ਨਬੀ ਦੀ ਮੈਂ ਤੈਂ ਉਤੇ, ਕਿਆ ਮੌਕੂਫ਼[9] ਭਰਾਵਾ।
'ਕੁਲ ਯਾਸੀਨਾ[10]' ਸਨਾ ਨਬੀ ਦੀ, ਸਿਫ਼ਤ ਨਬੀ ਦੀ ਤਾਹਾ।58।
ਰੱਬ ਨਬੀ ਦੇ ਨਾਲ ਫ਼ਸਾਹਤ[11], ਕੀਤੀ ਵਿੱਚ ਕੁਰਾਨੇ।
ਤੂੰ ਕਿਆ ਕਰਸੇਂ ਮਦਹ ਨਬੀ ਦੀ, ਹਾਫ਼ਿਜ਼ ਕੁੰਦ-ਜ਼ਬਾਨੇ[12]।59।
ਪਰ ਇਜ਼ਜ਼[13] ਨਿਆਜ਼[14] ਤਜ਼ੱਰੁਅ[15] ਜ਼ਾਰੀ[16], ਕਾਰ ਅਸਾਡੀ ਏਹੀ।
ਤਾਂ ਸਰ ਪਰ ਹਾਲ ਮਵਾਸ਼ਿਕ ਕੀਤੀ, ਅਰਜ਼ ਬੰਦੇ ਦੀ ਏਹੀ।60।
ਮੁਅਜਜ਼ਿਆਂ[17] ਸ਼ੁਮਾਰ ਨ ਕੋਈ ਨ ਕੋਈ ਹੱਦ ਉਨ੍ਹਾਂ ਦੀ।
ਪਰ ਜਿਸ ਦਿਨ ਨਬੀ ਤਵੱਲੁੱਦ[18] ਹੋਇਆ, ਭੰਨੀ ਬੇਖ਼ ਬੁੱਤਾਂ[19] ਦੀ।61।
ਦੋ ਸੌ ਬੁੱਤ ਯਗ਼ੂਸ[20] ਯਊਕਾ, ਨਸਰਾਇਤ ਜਮਸ਼ੇਦੀ।
ਭੰਨ ਤਜ਼ਲਜ਼ਲ[21] ਖਿੰਗਰ ਕੀਤੇ, ਕੁਦਰਤ ਦੇਖ ਰੱਬੇ ਦੀ।62।
- ↑ ਸਕਲ ਸੂਰਤ
- ↑ ਚਿੱਤਰ, ਨਕਲ
- ↑ ਵਾਂਝਾ
- ↑ ਪਿਆਰਿਆ
- ↑ ਵਿਚਾਰਾ
- ↑ ਹਜ਼ਾਰ
- ↑ ਉਸਤਤ
- ↑ ਪਿਆਰ
- ↑ ਨਿਰਭਰ ਹੋਣ
- ↑ ਕੁਰਾਨ ਦੀ ਆਇਤ ਜਿਸ ਦਾ ਅਰਥ— ਐ ਚੁਣੇ ਹੋਏ
- ↑ ਮਧੁਰ ਬਚਨ ਵਿਲਾਸ
- ↑ ਸੁੰਢੀ-ਜ਼ਬਾਨ ਵਾਲਾ
- ↑ ਹਲੀਮੀ
- ↑ ਅਰਦਾਸ ਕਰਨੀ
- ↑ ਤਰਲੇ ਕਰਨੇ
- ↑ ਵਚਨ, ਰੌਣ
- ↑ ਕਰਾਮਾਤਾਂ ਦਾ
- ↑ ਪੈਦਾ ਹੋਇਆ
- ↑ ਮੂਰਤੀਆਂ ਦੀਆਂ ਜੜ੍ਹਾਂ ਉਖਾੜ ਦਿਤੀਆਂ
- ↑ ਬੁਤਾਂ ਦੇ ਨਾਗ
- ↑ ਹਿਲਾਕੇ, ਹਿਲੂਣਾ ਦੇ ਕੇ। ਉਖਾੜ ਦਿਤੀਆਂ