ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

15

ਸਾਗਰ ਸ਼ੋਰ ਸਮੁੰਦਰੋਂ ਡੂੰਘਾ, ਬਾਹੀਂ[1] ਕਿਉਂ ਕਰ ਤਰੀਏ।
ਘਰ ਮੌਤ ਦੇ ਆਪ ਨ ਜਾਈਏ, ਬਾਂਝ ਅਜਲ[2] ਕਿਉਂ ਮਰੀਏ।122।

ਸਮਝ ਦਿਲਾ ! ਮਤ ਲਾਜ਼ਮ[3] ਥੀਵੇਂ,ਨਾ ਕਰ ਬਹੁਤ ਫ਼ਜ਼ੂਲੀ।
ਨਾਪਾਕਾਂ[4] ਨੂੰ ਨੂੰ ਦੋਜ਼ਖ ਓਥੇ, ਇਹੀ ਫਾਹਾ ਸੂਲੀ।123।

ਜੋ ਤਸ਼ਬੀਹ[5] ਯੂਸਫ਼ ਨੂੰ ਦਿੱਤੀ, ਆਰ[6] ਯੂਸਫ਼ ਦੀ ਇਹੇ।
ਪਰ ਜੰਨਤ[7]ਵਿੱਚ ਫਰਿਸ਼ਤੇ ਕਿਤਨੇ, ਹੋਸਣ ਯੂਸਫ਼ ਜੇਹੇ।124।

ਜਿਉਂ ਕਰ ਹੱਕ ਮਦਹ[8] ਦਾ ਆਹਾ, ਤੈਥੋਂ ਹੋ ਨ ਆਵੇ।
ਬਹੁਤ ਲੋੜੀਂਦਾ ਥੋੜ੍ਹਾ ਆਖਾਂ ਜੋ ਰੱਬ ਸੱਚਾ ਭਾਵੇ।125।

ਹੁਸਨ ਯੂਸਫ਼ ਦਾ ਵਿੱਚ ਕਿਤਾਬਾਂ, ਲਿਖਿਆ ਬਹੁਤ ਅਜ਼ੀਜ਼ਾਂ[9]
ਪਰ ਦੀਵਾ ਬਾਲਣ ਸੂਰਜ ਵੇਖਣ, ਨਾਕਸ[10] ਕਰਨ ਤਮੀਜ਼ਾਂ।126।

ਧੰਨ ਯੂਸਫ਼ ਨੂੰ ਸਿਰਜਨਹਾਰਾ,ਜਿਸ ਇਹ ਸੂਰਤ ਸਾਜੀ।
ਪਰ ਅਗਲੀ ਆਖ ਹਕੀਕਤ ਹਾਫ਼ਿਜ਼,ਪੜ੍ਹ “ਲਾ ਯਜ਼ਕਰ ਮਾਜ਼ੀ[11]|127।

ਦੋ ਸਾਲਾਂ ਦਾ ਯੂਸਫ਼ ਹੋਇਆ, ਤਾਂ ਮਾਊਂ ' ਛੋਡ ਸਿਧਾਈ[12]
ਵੱਤ ਫੱਫੀ[13] ਕਹਿਣ ਪਰਵਰਦਹ[14] ਕੀਤਾ, ਘੜੀ ਨ ਕਰੇ ਜੁਦਾਈ।128।

ਦੋ ਦਹ ਪਿਸਰ[15] ਯਾਕੂਬ ਘਣੇਰੇ, ਪਰ ਉਸ ਕੁਝ ਨ ਭਾਵੇ ।
ਤਾਂ ਯਾਕੂਬ ਹੋਵੇ ਰਸ਼ਨਾਈ[16], ਯੂਸਫ਼ ਨਜ਼ਰੀ ਆਵੇ।129।

ਕੁਲ ਫਰਜ਼ੰਦਾਂ[17] ਥੀਂ ਦਿਲ ਚਾਇਆ, ਨਾਲ ਯੂਸਫ਼ ਦਿਲ ਰੱਤਾ।
ਭਾਈਆਂ, ਤਾਈਂ ਗ਼ੈਰਤ ਹੋਈ, ਗੁੱਝਾ ਕਰਨ ਉਹ ਕੱਥਾ।130।


  1. ਬਾਹਾਂ ਨਾਲ
  2. ਮੌਤ
  3. ਸ਼ਰਮਿੰਦਾ
  4. ਅਪਵਿਤਰ
  5. ਉਪਮਾ
  6. ਸ਼ਰਮ
  7. ਸਵਰਗ
  8. ਤਰੀਫ਼, ਉਪਮਾ
  9. ਪਿਆਰਿਆਂ ਨੇ
  10. ਹੋਛੇ
  11. ਪਿਛਲੀਆਂ ਹੋਈਆਂ ਕਹਾਣੀਆਂ ਨਾ ਪੜ੍ਹ
  12. ਮਰ ਗਈ
  13. ਭੂਆ
  14. ਪਾਲਣ ਪੋਸ਼ਣ
  15. ਬਾਰ੍ਹਾਂ ਪੁਤਰ
  16. ਚਾਨਣ
  17. ਪੁਤਰਾਂ