ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

17

ਦਹ ਬਹਾ ਖੂਬੀ ਯੂਸਫ਼ ਆਹੀ,ਇਕ ਬਹਾ ਦੇਸ਼ ਖਿੰਡਾਈ।
ਆਦਮ ਦੁਆ ਕੀਤੀ ਹੋ ਸ਼ਾਕਰ[1], ਖਬਰ ਕਿਤਾਬਾਂ ਆਈ।140।

ਜ਼ੁਲੇਖਾ ਦਾ ਤੈਮੂਸ ਦੇ ਘਰ ਜਮਣਾ


(ਤੇ ਉਸ ਦੇ ਰੂਪ ਦੀ ਉਪਮਾ)



ਤੈਮੂਸੇ ਘਰ ਬੇਟੀ ਜੰਮੀ, ਘਰ ਘਰ ਹੋਈ ਸ਼ਾਦੀ[2]
ਨਾਉਂ ਜ਼ੁਲੈਖਾ ਸਿਫ਼ਤ ਪਰੀ ਦੀ, ਮਗਰਿਬ ਦੀ ਸ਼ਾਹਜ਼ਾਦੀ।141।

ਸੂਰਤ ਓਸ ਹਿਸਾਬੋਂ ਬਾਹਿਰ,ਕਿਆ ਤਾਰੀਫ਼ ਕਜੀਵੇ।
ਮੂੰਹ ਮਹਿਤਾਬ[3] ਸਨੋਬਰ ਕਾਮਤ[4], ਅੱਖੀਂ ਰੌਸ਼ਨ ਦੀਵੇ।142।

ਪਲਕਾਂ ਤੀਰ ਕਮਾਨਾਂ ਅਬਰੂ[5], ਦੰਦ ਚੰਬੇ ਦੀਆਂ ਕਲੀਆਂ।
ਨਾਜ਼ੁਕ ਲੱਕ ਸੁਰਾਹੀ ਗਰਦਨ, ਉਂਗਲੀਆਂ ਮੁੰਗ ਫਲੀਆਂ। 143

ਠੋਡੀ ਸੇਬ ਅਲਫ ਜਿਉਂ ਬੀਨੀ[6], ਲੌਂਗ ਨ ਵਾਤ[7] ਸਮਾਵੇ ।
ਗੁਲ-ਲਾਲਾ[8] ਥੀਂ ਰੰਗ ਸਵਾਇਆ, ਦੇਖ ਪਰੀ ਸ਼ਰਮਾਵੇ।144।

ਜ਼ੁਲਫ਼ਾਂ ਪੋਚ[9] ਪਾਇਆ ਰੁਖ਼ ਉਤੇ, ਵਾਂਗ ਅੰਞਾਨਿਆਂ ਨਾਂਗਾਂ।
ਹੁਸਨ ਜ਼ੁਲੈਖਾ ਓੜਕ ਨਾਹੀਂ, ਜੇ ਸੌ ਲਿਖੀਂ ਕਾਗਾਂ।145।

ਪਿੰਡਾ ਮਖਮਲ ਪਸ਼ਮ ਸੁਹਾਂਦੀ, ਚੰਨਣ ਵੰਨੀ[10] ਕਾਇਆਂ।
ਜੋ ਦਿਲ ਅਦਬ[11] ਨ ਹੋਵੇ ਜ਼ਰਾ, ਸ਼ਰਹ ਲਿਖ ਵਿਖਾਵਾਂ।146।

ਇਹ ਭੀ ਹਰਫ਼ ਜੋ ਜ਼ਾਹਿਰ ਕੀਤਾ, ਬਾਹਿਰ ਅਦਬ ਅਦਾਬੋਂ[12]
ਕੁਲ ਸ਼ਾਇਰਾਂ ਦੀਆਂ ਸੁਣ ਤਕਰੀਰਾਂ, ਕੀਤਾ ਨਕਲ ਕਿਤਾਬੋਂ।147।


  1. ਸ਼ੁਕਰ ਗੁਜ਼ਾਰ
  2. ਖੁਸ਼ੀ,ਪ੍ਰਸੰਨਤਾ
  3. ਚਾਂਦਨੀ
  4. ਕੱਦ ਪਹਾੜਾ ਵਿਚ ਉਗੇ ਦਰਖਤ ਸਨੋਵਰ ਜਿਹਾ
  5. ਭਰਵੱਟੇ
  6. ਨੱਕ
  7. ਮੂੰਹ
  8. ਇਕ ਲਾਲ ਰੰਗ ਦਾ ਫੁੱਲ
  9. ਵਲ
  10. ਵਰਗੀ
  11. ਸਤਿਕਾਰ
  12. ਮਾਣ ਸਤਿਕਾਰ