ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

18

ਯੂਸਫ਼ ਜ਼ੁਲੈਖਾ

ਹਭੇ ਹਰਮ[1] ਨਬੀਆਂ ਸੰਦੇ, ਮੋਮਨ ਮਾਵਾਂ ਜਾਣੋ ।
ਅਵਲ ਆਖਰ ਵਿਚ ਈਮਾਨੇ, ਮੂਲੇ ਸ਼ਕ ਨ ਆਣੋ।148।

ਮੁੱਲਾ ਜਾਮੀ ਦੀਓ ਤਫ਼ਸੀਰਾਂ[2],ਆਹਸੀ ਨਾਕਿਲ[3] ਏਹੀ ।
ਬੇ ਅਦਬੀ ਦਾ ਜ਼ਨ[4] ਨ ਕਰਿਓ, ਮੌਲਾ ਅਜਰ ਦਵੇਹੀ।149।

ਉਹ ਸੂਹੇ ਸਾਲੂ ਲਾਲ ਜਵਾਹਰ, ਜ਼ੇਵਰ[5] ਅੰਗ ਨ ਲਾਵੇ।
ਲਿੱਸੀ ਬੱਸੀ ਸਾਦ ਮੁਰਾਦੀ, ਜਿਗਰੇ ਆਤਿਸ਼[6] ਲਾਵੇ।150।

ਜ਼ੇਵਰ ਪਾਵਣ ਛੈਲ ਸਦਾਵਣ, ਰੂਪ ਕੀ ਹੋਗ ਤਿਨ੍ਹਾਂ ਦਾ।
ਕੋਝੇ ਮਾਹਣੂ [7]ਕਰਨ ਆਰਾਇਸ਼, ਕੱਚਾ ਰੂਪ ਤਿਨ੍ਹਾਂ ਦਾ।151।

ਉਸ ਲਾਲ ਜਵਾਹਰ ਮਾਣਕ ਮੋਤੀ, ਹੱਥੋਂ ਆਏ ਖਵਾਹਾਂ।
ਜੇ ਚੁਖ ਅੰਗ ਜ਼ੁਲੈਖਾ ਲਾਵੇ, ਤਾਂ ਮੰਨਜ਼ੂਰ ਥੀਵਾਹਾਂ ।152।

ਉਸ ਬੱਧੇ ਹੱਥ ਹਜ਼ਾਰ ਕਨੀਜ਼ਾਂ[8],ਅੱਗੇ ਰਹਿਣ ਖਲੀਆਂ।
ਉਸ ਫਰਸ਼ੋ ਉਤਰ ਪੈਰ ਨ ਧਰਿਆ, ਜ਼ਿਮੀਂ ਨ ਲਾਈਆਂ ਤਲੀਆਂ।153।

ਨ ਉਸ ਗ਼ਮ ਦਿਲਗੀਰੀ[9]ਕਾਈ, ਨ ਉਸ ਫ਼ਿਕਰ ਅੰਦੇਸ਼ਾ[10]
ਹਮਜ਼ਾਦਾਂ[11] ਨਾਲ ਹੱਸਣ ਖੇਲਣ, ਰਾਤ ਦਿਨੇ ਇਹ ਪੇਸ਼ਾ।154।

ਉਹ ਨ ਆਸ਼ਕ ਮਾਸ਼ੂਕ ਕਿਸੇ ਦੀ, ਨ ਦਿਲ ਉਤੇ ਵਲ ਆਇਆ।
ਪਰ ਪਾਈ ਓਸ ਚਿਣਗ ਚਵਾਤੀ[12]ਚੋਲੀ, ਬਿਰਹੋਂ ਪਲੀਤਾ ਲਾਇਆ।155।

ਇਸ਼ਕੇ ਬਾਝੋਂ ਜੀਵਨ ਕੂੜਾ, ਹਾਫਿਜ਼ ਬਰਖ਼ੁਰਦਾਰਾਂ ।
ਇਸ਼ਕੇ ਜੇਡੀ ਲਜ਼ਤ[13] ਨਾਹੀਂ, ਜੋ ਜੱਗ ਢੂੰਡਣ ਸਾਰਾ। 156


  1. ਸੁਪਤਨੀਆਂ
  2. ਟੀਕਾ,ਪਰਾਮਰਥ
  3. ਨਕਲ
  4. ਭਰਮ
  5. ਗਹਿਣੇ
  6. ਅੱਗ
  7. ਬੰਦੇ
  8. ਲੋਂਡੀਆ,ਨੌਕਰਾਣੀਆ
  9. ਉਦਾਸੀ
  10. ਸ਼ੰਕਾ, ਦੁਬਿਧਾ
  11. ਸਹੇਲੀਆਂ
  12. ਚੰਗੀਆੜੀ
  13. ਆਨੰਦ, ਸੁਆਦ