ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/25

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯੂਸਫ਼ ਜ਼ੁਲੈਖਾ

19

ਪਰ ਕਿਸੇ ਮਜਾਜ਼ੀ[1] ਕਿਸੇ ਹਕੀਕੀ[2] ਖਾਲੀ ਰਹਿਆ ਨ ਕੋਈ।
ਏਹੀ ਖਾਹਿਸ਼ ਪੈਦਾ ਹੋਈ, ਜ਼ੋਰ ਨ ਚੱਲੇ ਕੋਈ।157।

ਪਹਿਲੀ ਵਾਰੀ ਜ਼ੁਲੈਖਾ ਦਾ ਯੂਸਫ਼ ਨੂੰ ਸੁਫ਼ਨੇ ਵਿਚ ਦੇਖਣਾ



ਰੌਸ਼ਨ ਰਾਤ ਦਿਹੁੰ ਤੋਂ ਆਹੀ, ਤੁਰ ਤੁਰ ਤੱਕਣ ਤਾਰੇ।
ਚੋਰ ਨ ਜਾਗੇ ਨ ਸਗ[3]ਭੌਂਕੇ, ਨ ਦਰਬਾਨ ਪੁਕਾਰੇ।158।

ਅਬਰੇਸ਼ਮ ਦੇ ਤੂਲ ਸਰਹਾਨੇ, ਤੂਸੀਂ [4] ਫਰਸ਼ ਵਿਛਾਏ।
ਮਲਮਲ ਮੁਸ਼ਕ ਮੁਅੱਤਰ[5] ਕੀਤੇ, ਉਪਰ ਫੁਲ ਖਿੰਡਾਏ।159।

ਕਰ ਕੇ ਖ਼ੁਸ਼ੀ ਫ਼ਰਾਗ਼ਤ [6] ਸੁੱਤੀ, ਨੀਂਦਰ ਘੁਲ ਮਿਲ ਆਈ।
ਦੀਦੇ[7] ਹੋਰ ਦਿੱਲੇ ਦੇ ਖੁਲ੍ਹੇ, ਦਿਤੀਓਸੁ ਖ੍ਵਾਬ[8] ਦਿਖਾਈ।160।

ਸੂਰਤ ਯੂਸਫ਼ ਦੀ ਕਰ ਹਾਜ਼ਰ, ਮਿਲਿਓਸੁ ਆਣ ਦਿਖਾਲੀ।
ਹੋਣਾ ਆਹਾ ਜੋ ਕੁਝ ਹੋਇਆ, ਬਿਰਹਾ ਢੰਢੋਕੀ ਬਾਲੀ।161।

ਖੂਬੀ ਵੇਖ ਹੋਈ ਮੁਤਹਯੱਰ, ਦਿਲ ਵਿਚ ਫ਼ਿਕਰ ਤਮੀਜ਼ਾਂ।
ਜੇ ਇਸ ਨਿਅਮਤ ਦੀ ਲੈਣ ਹਕੀਕਤ, ਧੁਖ ਧੁਖ ਮਰਨ ਕਨੀਜ਼ਾਂ[9]।162।

ਯਾ ਰੱਬ ਇਹ ਫ਼ਰਿਸ਼ਤਾ ਆਹਾ, ਯਾ ਇਹ ਚੰਨ ਅਸਮਾਨੀ।
ਕੀ ਬਖ਼ਤ[10] ਅਸਾਡੇ ਨਾਜ਼ਿਲ ਹੋਈ[11], ਸੂਰਤ ਇਹ ਇਨਸਾਨੀ।163।

ਖ੍ਵਾਬ ਖਿਆਲੋਂ ਵੇਖ ਤਮਾਸ਼ਾ, ਅੱਖੀਂ ਉੱਘੜ ਗਈਆਂ।
ਹੱਥ ਮਰੋੜੇ ਤਲੀਆਂ ਫਾਟੇ,ਹਾਲਤ ਪੁੱਛਣ ਸਈਆਂ।164।


  1. ਦੁਨਿਆਵੀ
  2. ਸੱਚ, ਰੱਬੀ
  3. ਕੁੱਤਾ
  4. ਤੂਲ ਦਾ ਬਣਿਆ ਹੋਇਆ ਰੇਸ਼ਮ
  5. ਅਤਰ ਨਾਲ ਭਿੱਜੇ ਹੋਏ
  6. ਬੇਫਿਕਰੀ
  7. ਨੈਣ, ਅੱਖਾਂ
  8. ਸੁਪਨਾ
  9. ਗੋਲੀਆ
  10. ਭਾਗਾਂ ਵਿਚ
  11. ਉਤਰੀ