ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/27

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯੂਸਫ਼ ਜ਼ੁਲੈਖਾ

21

ਖੁਲ੍ਹੀ ਵਾਲੀਂ ਡੁਲ੍ਹੀਂ ਨੈਣੀਂ, ਮੂੰਹ ਕੁਮਲਾਣੀ ਦਾਈ।
ਕਰ ਕੇ ਫ਼ਨ ਫ਼ਰੇਬ ਜ਼ਨਾਂ[1] ਦਾ, ਲੈਣ ਹਕੀਕਤ ਆਈ।173।

ਫ਼ਿਕਰ ਇਲਾਜ ਕਰਾਂ ਮੈਂ ਤੇਰਾ, ਵੇਦਨ ਦੱਸ ਦਿਲੇ ਦੀ।
ਹਾਜ਼ਿਰ ਆਣ ਕਰਾਂ ਅਸਮਾਨੋਂ, ਜੇ ਤੁਧ ਤਲਬ[2] ਕਿਸੇ ਦੀ।174।

ਹੂਰ ਪਰੀ ਯਾ ਦੇਵ ਫ਼ਰਿਸ਼ਤਾ, ਮਗ਼ਰਬ[3] ਵਿਚ ਜੋ ਪਾਵਾਂ।
ਨਾਲ ਕਹਾਣੀ ਮੰਤਰ ਜਾਦੂ, ਤੇਰੇ ਕੋਲ ਬਹਾਵਾਂ।175।

ਜੇ ਉਹ ਹੇਠ ਜ਼ਿਮੀਂ ਦੇ ਹੋਵੇ, ਉਥੋਂ ਪਕੜ ਮੰਗਾਈਂ।
ਇਹ ਇਲਾਜ ਆਇਆ ਸਿਰ ਮੇਰੇ, ਫੋੜਾ ਦੱਸ ਕਦਾਈਂ।176।

3



ਜਾਂ ਸ਼ਫਕਤ[4] ਵਧ ਹਿਸਾਬੋਂ ਡਿੱਠੀ, ਦਿੱਤਾ ਰੋਇ ਜ਼ੁਲੈਖਾ।
ਉਸ ਲਹੂ ਨੀਰ ਗਡਾਵਡ[5] ਹੋਇਆ, ਜਿਉ ਆਤਿਸ਼ ਤੇ ਸੀਖਾਂ।177।

ਜੋ ਕੈਫ਼ੀਅਤ[6] ਸਾਰੀ ਗੁਜ਼ਰੀ, ਆਖ ਸੁਣਾਈਓਸੁ ਸਾਰੀ।
ਪਰ ਉਹ ਜੋ ਚੋਰ ਮਹੱਲੀਂ ਵੜਿਆ, ਦੱਸ ਵੇਖਾਂ ਕਿਵ ਮਾਰੀ।178।

ਪੁੱਛ ਦਾਈ ਸ਼ਰਮਿੰਦੀ ਹੋਈ, ਦਿਲ ਵਿਚ ਪਛੋਤਾਵੇ।
ਜੈਂਦਾ ਨਾਉਂ ਨਿਸ਼ਾਨ ਨ ਹੋਵੇ, ਕਿੱਥੋਂ ਢੂੰਡ ਲਿਆਵੇ।179।

ਦਾਈ ਆਖੇ ਭੁੱਲੀਏ ਧੀਏ, ਕਿਥੋਂ ਪਕੜ ਉਹ ਥੀਵਣ[7]
ਦੇਵ ਜੋ ਡਿੱਠਾ ਖਾਬ ਖਿਆਲੋਂ, ਇਹ ਕੁਝ ਖਾਬ ਨ ਹੀਵਣ।180।


  1. ਤੀਵੀਆਂ ਦਾ ਪਾਖੰਡ ਆਦਿ
  2. ਇੱਛਾ
  3. ਪੱਛਮ
  4. ਦਇਆ, ਪਿਆਰ
  5. ਘੁਲ ਮਿਲ ਗਏ
  6. ਕਹਾਣੀ, ਹਾਲਾਤ
  7. ਹੋਣ