ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

35

ਜਾਂ ਬਘਿਆੜ ਨਬੀ ਦੀ ਖਿਦਮਤ[1], ਜ਼ਾਹਿਰ ਆਖ ਸੁਣਾਈ ।
ਬਘਿਆੜੇ ਨੂੰ ਕਹਿਆ ਨਬੀ ਨੇ, ਮੈਂ ਤੇ ਰਹਿ ਤੂੰ ਭਾਈ।293।

ਦੋਵੇਂ ਦਰਦ ਮੁਬੀਬਤ ਵਾਲੇ, ਬਹਿ ਬਹਿ ਗੱਲਾਂ ਕਰਸਾਂ।
ਏਸ ਵਿਛੋੜੇ ਦਿਲ ਦੇ ਤਕੜੇ, ਆਖਰ ਦੋਵੇਂ ਮਰਸਾਂ।294।

ਕਰਮ ਸਿਤਾਰੇ[2] ਬਾਬ[3] ਅਸਾਡੇ ਜੇਕਰ ਨਾਜ਼ਿਲ[4] ਹੋਈ।
ਭਾਈ ਪੁੱਤਰ ਮਿਸਲਣ ਆਖਰ,ਫ਼ਜ਼ਲ[5] ਰਬਾਨਾ ਹੋਸੀ।295।

ਨਾ ਕੁਝ ਉਜ਼ਰ ਨ ਮੇਰਾ ਤੇਰਾ, ਜੇ ਕਰ ਕਹਿਰ ਇਲਾਈ।
ਬਾਬ ਅਸਾਡੇ ਲਿਖਿਆ ਹੋਸੀ, ਕਾਦਿਰ ਕਲਮ ਚਲਾਈ।296।

ਰੁਖ਼ਸਤ[6] ਨੂੰ ਬਘਿਆੜ ਖਲੋਤਾ, ਕਹੋ ਰਸੂਲ ਇਲਾਹੀ।
ਫ਼ਰਜ਼ੰਦ[7] ਉਪਾਏ ਪਿੱਛੋਂ ਮੇਰੇ ਖਾਵਣ ਨੂੰ ਕੁਝ ਨਾਹੀਂ।297।

ਸਭ ਔਲਾਦ ਇਕੱਠੀ ਕਰਕੇ,ਤੇਰੇ ਪਾਸ ਲਿਆਵਾਂ।
ਮੈਲ ਕੁਸਾਫ਼ਤ[8] ਤੇਰੇ ਦਿਲ ਦੀ, ਨਾਲ ਸੌਗੰਦ ਬਹਾਵਾਂ।298।

ਲੈ ਰੁਖ਼ਸਤ ਬਘਿਆੜ ਸਿਧਾਣਾਂ[9],ਜੰਗਲ ਬੋਲੇ ਤੁਰਿਆ।
ਤੁਲੇ ਝੁਰੇ ਪੁਕਾਰੇ ਕੂਕੇ, ਖਾਸ ਨਬੀ ਥੀਂ ਡਰਿਆ।299।

ਕੁਲ ਬਘਿਆੜ ਇਕੱਠੇ ਹੋਏ, ਸੁੱਧ ਨ ਕੀਤੀ ਕਾਈ।
ਉਸ ਬਘਿਆੜਾਂ ਤੇ ਕੈਫ਼ੀਅਤ[10],ਜ਼ਾਹਿਰ ਆਖ ਸੁਣਾਈ।300।

ਪਾਸ ਯਾਕੂਬ ਨਬੀ ਦੇ ਸਾਰੇ, ਵਲ ਕਨਆਨ ਵੰਜਾਈਂ।
ਕਸਮ ਸੌਗੰਦ ਸੁਬਹਾਨੀ[11]ਕਰਕੇ, ਦਿਲ ਦਾ ਮੈਲ ਲਹਾਈਂ।301।

ਸਭ ਬਘਿਆੜ ਇਕੱਠੇ ਹੋ ਕੇ, ਕਨਆਨੇ ਵਲ ਧਾਏ।
ਸ਼ਹਿਰ ਤਅੱਜੁਬ[12]ਹੋਇਆ ਸਾਰਾ, ਜਾਂ ਪਾਸ ਨਬੀ ਦੇ ਆਏ।302।


  1. ਸੇਵਾ
  2. ਪਰਦ ਢੱਕਣ ਵਾਲਾ
  3. ਹੱਕ ਲਈ
  4. ਉਤਰਨਾਂ
  5. ਕਿਰਪਾ
  6. ਵਿਦਾ
  7. ਪੁੱਤਰ
  8. ਗੰਦਗੀ
  9. ਚਲੋ ਗਿਆ
  10. ਹਾਲਾਤ
  11. ਪਵਿੱਤਰ,ਰੱਬ ਦੀ
  12. ਹੈਰਾਨ