ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/49

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਯੂਸਫ਼ ਜ਼ੁਲੈਖਾ

43

ਬੱਦਲ ਮੀਂਹ ਅੰਨ੍ਹੇਰੀ ਝਖੜ, ਗਜ਼ਬ ਖ਼ੁਦਾ ਥੀਂ ਉਠੇ।
ਰਿਖ਼ਤ ਅਸਬਾਬ[1] ਰੁੜ੍ਹੇ ਵਿਚ ਜੰਗਲ, ਕਹਿਰ ਇਲਾਹੀ ਤੁੱਟੇ।361।

ਕਿਤਨੇ ਸੰਦੂਕ ਰੁੜ੍ਹੋ ਜ਼ਰ-ਬਫ਼ਤੇ[2], ਮਿਸ਼ਰੂ ਅਤੁਲਸ[3] ਵਾਲੇ।
ਵਿਚ ਉਜਾੜ੍ਹੀਂ ਰੁਲਦੇ ਫਿਰਦੇ, ਕੋਈ ਨ ਕੁਝ ਸੰਭਾਲੇ।362।

ਸਭ ਸ਼ਮਿਆਣੇ ਤੰਬੂ ਪਾਟੇ, ਤੇ ਆਦਮ ਜ਼ਖਮ ਹਜ਼ਾਰਾਂ।
ਊਠ ਘੋੜੇ ਕੁਲ ਘਾਇਲ[4] ਹੋਏ, ਜਿਉਂ ਗੁਲ ਵਿਚ ਬਹਾਰਾਂ।363।

ਕੁਲ ਕਨਾਤਾਂ ਦਰਜਾਂ ਟੁਕੜੇ, ਕਲਮਾਂ ਪੁਰਜ਼ੇ ਥੀਆਂ।
ਅਸਮਾਨੋਂ ਅਜ਼ਗੈਬੋਂ[5] ਬੂੰਦਾਂ, ਵਾਂਗ ਬੰਦੂਕਾਂ ਪਈਆਂ।364।

ਅੰਧੇਰ ਗ਼ੁਬਾਰ ਹੋਇਆ ਵਿਚ ਤਬਕ[6], ਲੱਝਾ ਹਥ ਨਾ ਦਿੱਸੇ।
ਆਪੋ ਆਪਣਾ ਪਾਇਆ ਅੰਦੇਸ਼ਾ[7], ਖਬਰ ਨ ਮੂਲੇ ਕਿੱਸੇ।365।

ਰਲ ਕੇ ਸੱਭੇ ਪੁੱਛਣ ਲਗੇ, ਸਾਹਿਬ ਸਣੇ ਵਜ਼ੀਰਾਂ।
ਇਹ ਕਿਸੇ ਥੀਂ ਵਾਕਿਆ ਹੋਇਆ, ਸੱਚ ਕਹੋ ਤਕਸੀਰਾਂ[8]।366।
  

ਸਮਝ ਹਕੀਕਤ ਗੁੱਸੇ ਹੋਇਆ ਕਰਵਾਨਾ ਦਾ ਵਾਲੀ।
ਇਹ ਕਿਸੇ ਥੀਂ ਵਾਕਿਆ ਹੋਇਆ, ਸੁਖਨ ਨਹੀਂ ਇਹ ਖਾਲੀ।367।

ਇਕ ਕਰਵਾਨੀ ਉੱਠ ਖਲੌਤਾ, ਖ੍ਵਾਜਾ[9] ਕੰਮ ਪਰਚਾ।
ਮੈਂ ਯੂਸਫ਼ ਦੇ ਮੂੰਹ ਤੇ ਲਾਇਆ, ਕਾਵੜ ਨਾਲ ਤਮਾਂਚਾ।368।

ਮੂੰਹ ਵਿਚ ਘਾਹ ਗਲੇ ਵਿਚ ਪੱਲੂ, ਆਇ ਪੈਰਾਂ ਤੇ ਢੱਠੇ।
ਕੀਤੋ ਰੁਦਨ ਅਸਮਾਨੀਂ ਆਫ਼ਤ, ਤਾਂ ਫਿਰ ਹੋਏ ਮੱਠੇ।369।


  1. ਧਨ ਦੌਲਤ, ਸਾਜ਼ ਸਮਾਨ
  2. ਸਿਲਮੋ ਸਿਤਾਰੇ ਨਾਲ ਜੁੜੇ ਹੋਏ ਕੱਪੜੇ
  3. ਰੇਸ਼ਮੀ ਕੱਪੜਾ
  4. ਜ਼ਖਮੀ
  5. ਲੁਕਵੀਂ ਥਾਂ ਤੋਂ
  6. ਆਸਮਾਨ
  7. ਚਿੰਤਾ
  8. ਗਲਤੀਆਂ, ਭੁੱਲਾਂ
  9. ਸਰਦਾਰ