46
ਯੂਸਫ਼ ਜ਼ੁਲੈਖਾ
ਜਿੱਥੇ ਯੂਸਫ਼ ਜਾਇ ਖਲੋਵੇ, ਇਕ ਦਰ ਇਹ ਖਲ੍ਹਾਰੋ।
ਹੁਸਨ ਦੋਹਾਂ ਨੂੰ ਨਜ਼ਰ ਕਰੋ ਤਦ, ਲਾਫ਼ਾ[1] ਮੂਲ ਨਾ ਮਾਰੋ।387।
ਰਾਤ ਗਈ ਦਿਨ ਰੌਸ਼ਨ ਹੋਇਆ, ਹੁਕਮ ਕੀਤਾ ਕਰਵਾਨੀ।
ਚਲੋ ਕਲ੍ਹ ਬਾਜ਼ਾਰ ਵੰਜਾਹੀਂ, ਲੈ ਯੂਸਫ਼ ਕਨਆਨੀ।388।
ਯੂਸਫ਼ ਨੂੰ ਬਾਜ਼ਾਰ ਲੈ ਚਲੇ, ਨਾਮ ਕਹਿਓ ਨੇ 'ਬਰਦਾ'[2]।
ਦਿਲ ਅਫਸੋਸ ਅੱਖੀਂ ਵਿਚ ਆਂਸੂ, ਰੋ ਨਾ ਸੱਕੇ ਡਰਦਾ।389।
ਗਲ ਪੈਰਾਹਨ[3] ਸਿਰ ਤੇ ਟਾਕੀ, ਬੈਠਾ ਵਿਚ ਅਮਾਰੀ[4]।
ਮੂੰਹ ਤੇ ਪਰਦਾ ਪਾਇ ਲਇਓ ਨੇ, ਸੁਣੋ ਹਕੀਕਤ[5] ਸਾਰੀ।390।
ਸਾਹਿਬ-ਹੁਸਨ ਗੁਲਾਮ ਕਨੀਜ਼ਾਂ, ਕਰ ਸ਼ਿੰਗਾਰ ਬਣਾਏ।
ਲਾਲ ਜਵਾਹਰ ਮਾਣਕ ਮੋਤੀ, ਸੋਨੇ ਰੂਪ ਜੜਾਏ।391।
ਕੋਲੋਂ ਕੋਲ ਬਣਾ ਖਲ੍ਹਵਾਰੋ, ਕਰ ਕੇ ਸੱਫ਼ਾਂ ਕਤਾਰਾਂ।
ਆਪੇ ਆਪ ਸ਼ਿਗੁੱਫ਼ਤਾ[6]ਹੋਏ, ਜਿਉਂ ਗੁਲ ਵਿਚ ਬਹਾਰਾਂ।392।
ਹੁਕਮ ਯੂਸਫ਼ ਨੂੰ ਮਾਲਿਕ ਕੀਤਾ, ਮੂੰਹ ਥੀਂ ਪਰਦਾ ਚਾਇਆ।
ਚੰਨ ਬਦਲ ਥੀਂ ਬਾਹਿਰ ਹੋਇਆ, ਸ਼ਹਿਰ ਤੁਅੱਜਬ[7]ਆਇਆ।393।
ਸਾਹਿਬ-ਹੁਸਨ ਓਧੇ ਹੋਏ, ਜੋ ਕਰ ਮਿਸਰੀ ਆਏ।
ਦੇਖਣ ਲੋਕ ਉਨ੍ਹਾਂ ਦੇ ਤਾਈਂ, ਹੱਸ ਹੱਸ ਹੋਣ ਨਸ਼ਿਆਏ।394।
ਖੂਬੀ ਦੇਖ ਹੋਏ ਕੁਲ ਮਾਇਲ[8], ਹਮਦ[9] ਕਹਿਣ ਰੱਬ ਤਾਈਂ।
ਧੰਨ ਯੂਸਫ਼ ਦਾ ਸਿਰਜਨਹਾਰਾ, ਕਿਤ ਮੂੰਹ ਸਿਫ਼ਤ ਕਰਾਹੀਂ।395।