ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

ਮੰਗਲਾਚਰਨ

[ਸਰਬ ਸ਼ਕਤੀਮਾਨ ਦੀ ਮਹਿਮਾ]

-1-

ਅੱਲਾ ਵਾਹਿਦ [1] ਖ਼ਾਲਿਕ [2] -ਰਾਜ਼ਿਕ [3], ਰੋਜ਼ੀ ਦੇਵਣਹਾਰਾ।
ਉਹੋ ਆਹਾ ਦਾਇਮ [4] ਹੱਸੀ, ਦੁਨੀਆਂ ਝੂਠ ਪਸਾਰਾ।1।
ਪਸ ਹਮਦ ਸਨਾ [5] ਰੱਬ ਦੀ, ਆਖਾਂ, ਪਹਿਲੋਂ ਬਿਹਤਰ ਏਹੀ।
ਸੁਖ਼ਨ ਕਲਾਮ [6] ਜੋ ਕਰਹੋ ਮੋਮਿਨ, ਤਾਂ ਰੱਬ ਤਮ [7] ਕਰੇਹੀ|2|
ਹਰ ਹਰ ਕੁਦਰਤ ਦੇਖ ਰੱਬ ਦੀ, ਹਮਦ ਕਹੋ ਲੱਖ ਵਾਰੀ।
ਖ਼ਲਕਤ ਕੁਲ ਉਪਾਈ ਖ਼ਾਲਿਕ ਨਰਦ ਕੀਤੇ ਇਕ ਨਾਰੀ।3।
ਰੱਬ ਹਰ . ਵਾਹਿਦ ਨੂੰ ਰਿਜ਼ਕ ਪਹੁੰਚਾਵੇ, ਜੋ ਤਕਦੀਰ [8] ਲਿਖਾਇਆ।
ਦੋਸਤ ਦੁਸ਼ਮਣ ਕੋਈ ਨ ਖਾਲੀ, ਜੋ ਦੁਨੀਆਂ ਤੇ ਆਇਆ। 4।
ਕੁਹੀਆ ਬਾਜ ਸੁਬਹਾਨੀ ਸ਼ਿਕਰੇ [9] ਜੋ ਜੋ ਰੱਬ ਉਪਾਏ।
ਰੱਬ ਰਿਜ਼ਕ ਉਨ੍ਹਾਂ ਦਾ ਗੋਸ਼ਤ [10] ਕੀਤਾ, ਨਿੱਤ ਉਨ੍ਹਾਂ ਪਹੁੰਚਾਏ।5।
ਗਿੱਦੜ ਸ਼ੇਰ ਪਲੰਗ [11] ਪਰਿੰਦੇ, ਜੋ ਉਹ ਦੱਭ ਨ ਖਾਂਦੇ।
ਰੱਬ ਦਾਇਮ ਤਾਜ਼ਾ ਗੋਸ਼ਤ ਦੇਂਦਾ, ਨ ਥੀਵਣ ਦਰਮਾਂਦੇ [12]।6।
ਆਦਮੀਆਂ ਨੂੰ ਸੱਤਰ ਭੋਜਨ ਦੁੱਧ ਦਹੀਂ ਅਣਮੇਵੇ।
ਫ਼ਰਕੋਂ [13] ਫ਼ਰਕੀਂ ਰਿਜ਼ਕ ਹਮੇਸ਼ਾਂ, ਆਪੇ ਮੌਲਾ [14]ਦੇਵੇ੭। 7।
ਇਕਨਾ ਰਿਜ਼ਕ ਘਰੀਂ ਪਹੁੰਚਾਵੇ ਇਕ ਰਿਜ਼ਕੇ ਨੂੰ ਵੈਂਦੇ ।
ਜਿਉਂ ਰੱਬ ਰੱਖੋ ਓਵੇਂ ਰਹਿਣਾ, ਨਾ ਕੁਝ ਹੱਥ ਕਿਸੇ ਦੇ ।8।
ਜਿਨ੍ਹਾਂ ਨੂੰ ਰੱਬ ¸ ਤੰਗੀ ਦੇਵੇ ,ਕੌਣ ਕੁਸ਼ਾਇਸ [15] ਕਰਨੇ।
ਉਹ ਪੁੱਤਰ ਮੰਗਣ ਜਾਣ ਫ਼ਕੀਰੋਂ ਪਿਛੋਂ ਰੱਨਾਂ ਮਰਨੈ। 9।


  1. ਇਕੋ ਇਕ
  2. ਕਰਤਾ
  3. ਰੋਜ਼ੀ ਦੇਣ ਵਾਲਾ
  4. ਸਦੀਵੀ
  5. ਉਸਤਤ, ਮੰਗਲਾ ਚਰਨ,
  6. ਕਵਿਤਾ
  7. ਖ਼ਤਮ
  8. ਕਿਸਮਤ
  9. ਸ਼ਿਕਾਰ ਕਰਨ ਵਾਲੇ ਜਾਨਵਰ
  10. ਮਾਸ
  11. ਚੀਤਾ
  12. ਨਿਮਾਣੇ
  13. ਫਕੀਰਾਂ ਨੇ
  14. ਰੱਬ
  15. ਸੋਮਾ