ਸਮੱਗਰੀ 'ਤੇ ਜਾਓ

ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

79

ਖ਼ੇ ਖ਼ਰਾਇਤ ਬਹੁਤੀ ਕੀਤੀ,ਪਰ ਤੋਂ ਯੂਸਫ਼ ਭੋਰਾ।
ਜ਼ਰਾ ਮਿਹਰ ਨਾ ਕੀਤੀ ਮੁਝ ਪਰ,ਲਾ ਵਿਖਾਇਓ ਜ਼ੋਰਾ।669।

ਦਾਲ ਦੁਨੀਆਂ ਸਭ ਵੰਜਾ ਕਰ, ਹੋਈ ਬਹੁਤ ਨਿਤਾਣੀ[1]
ਨਾਲ ਗ਼ੁਲਾਮਾਂ ਨਿਹੁੰ ਲਗਾਇਆ, ਜਗ ਵਿਚ ਰਹੀ ਕਹਾਣੀ।670।

ਜ਼ਾਲੋਂ ਜ਼ਿਕਰ ਇਹ ਤੇਰਾ ਮੈਨੂੰ,ਹੋਈ ਹੈ ਮਸ਼ਗੂਲੀ[2]
ਦਾਮਨ[3] ਤੇਰਾ ਚੰਗੁਲ ਮੇਰਾ, ਜੇ ਰੱਬ ਕਰੇ ਕਬੂਲੀ।671।

ਰੇ ਰੋਵਨ ਦਿਨ ਤੇ ਰਾਤ ਅਸਾਨੂੰ, ਭਾਹ[4]ਅਸਾਡੇ ਆਇਆ
ਜਿਨ੍ਹ ਕੇ ਪਾਇ ਫ਼ਕੀਰੀ ਪਕੜੀ, ਤੋਂ ਭੀ ਖ਼ੈਰ ਨ ਪਾਇਆ।672।

ਜੋ ਜ਼ੁਬਾਨ ਨ ਮੇਰੇ ਮੂੰਹ ਵਿਚ, ਕਿਆ ਕੁਝ ਸਿਫ਼ਤ ਕਰੀਵਾਂ।
ਜੇਕਰ ਜ਼ਹਿਰ ਪਿਆਲਾ ਦੇਵੇਂ, ਸ਼ਰਬਤ ਕਰਕੇ ਪੀਵਾਂ।673।

ਸੀਨ ਸੁਰਤ ਹਯਾਓ ਗਵਾਇਆ, ਦਿਲ ਥੀਂ ਕਾਰਣ ਤੇਰੀ ਖ਼ੂਬੀ।
ਤੈਂ ਸ਼ਹਿਰੋਂ ਮਾਰ ਬਰਾਹਾਂ ਕੱਢੀ, ਮਿਸ਼ਰ ਸ਼ਹਿਰ ਥੀਂ ਬੀਬੀ।674।

ਸ਼ੀਨ ਸ਼ਰਾਬ ਕਬਾਬ[5]ਗਵਾਇਆ, ਹੁਸਨ ਜਵਾਨੀ ਸਾਰੀ।
ਤੇਰੇ ਕਾਰਨ ਮਿਹਤਰ ਯੂਸਫ਼, ਹੋਈ ਇਹ ਖ਼ਵਾਰੀ।675।

ਸੁਆਦ ਸਬਰ ਨਾ ਆਵੇ ਦਿਲ ਤੇ, ਕੂੰਜ ਵਾਂਗੂੰ ਕੁਰਲਾਵਾਂ।
ਦਰਦ ਤੁਸਾਡਾ ਬਾਝ ਤੁਸਾਡੇ, ਕਿੰਨੂੰ ਜਾਇ ਸੁਣਾਵਾਂ।676।

ਜ਼ਿਆਦ ਜ਼ਰਬ[6]ਨਿਹੁੰ ਲਾਈ, ਤੈਂ ਕਾਰਨ ਲਹੂ ਅੱਖੀਂ ਰਵਾਂ।
ਦਿਲ ਥੀਂ ਲਹੇ ਨਾ ਦਾਗ਼ ਬਿਰਹਾ ਦਾ, ਜੇ ਸੌ ਵਾਰੀ ਧੋਵਾਂ।677।


  1. ਕਮਜ਼ੋਰ
  2. ਆਹਰ
  3. ਪੱਲਾ
  4. ਸ਼ਰਮ
  5. ਮਾਸ
  6. ਮਰੋੜਾ