ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੧੫

ਸਦਾ ਖਾਵਣਾ ਪੀਵਣਾ ਮੌਜ ਲੈਣੀ ਤੂੰ ਤਾਂ ਜੋਗ ਦੀ ਸਾਰ ਕੀ ਜਾਨਣੀ ਏਂ
ਕਿਥੇ ਤਖਤ ਤੇ ਬੈਠ ਕੇ ਰਾਜ ਕਰਨਾ ਕਿਥੇ ਜੋਗ ਲੈ ਕੇ ਮਿਟੀ ਛਾਨਣੀ ਏਂ
‘ਗ੍ਯਾਨ ਚੰਦ' ਖਿਆਲ ਕਰ ਜਗ ਦਾ ਤੂੰ ਮੌਜ ਮਾਣ ਲੈ ਮੌਜ ਜੇ ਮਾਨਣੀ ਏਂ
ਰੇ-ਰਾਜ ਚਾਹੁੰਦਾ ਗੋਪੀ ਚੰਦ ਕਿਹਾ ਦਸ ਤੇਰੇ ਦਵਾਰੇ ਤੇ ਆਂਵਦਾ ਕਿਉਂ
ਤਖਤ ਤਾਜ ਨੂੰ ਮਨੋ ਭੁਲਾਂਵਦਾ ਕਿਉਂ ਮਨ ਜੋਗ ਦਾ ਰੋਗ ਲਗਾਂਵਦਾ ਕਿਉਂ
ਜੇਕਰ ਖਾਣ ਤੇ ਪੀਣ ਦੀ ਖਾਹਸ਼ ਹੁੰਦੀ ਤੇਰੇ ਬੂਹੇ ਤੇ ਧੂਣੀ ਰਮਾਂਵਦਾ ਕਿਉਂ
‘ਗਯਾਨ ਚੰਦ’ ਵਿਚ ਜਗ ਦੇ ਪਿਆ ਕੀ ਏ ਹੀਰਾ ਜਨਮ ਏ ਖਾਕ ਰੁਲਾਂਵਦਾ ਕਿਉਂ
ਡਾਲ-ਡੋਰ ਤੂੰ ਜੋਗ ਦੀ ਪਕੜਨਾ ਏਂ ਤੇਰੇ ਵਾਸਤੇ ਜੋਗ ਕਮਾਨ ਮੁਸ਼ਕਲ
ਜਿਨ੍ਹਾਂ ਬੱਤੀ ਨਿਆਮਤਾਂ ਮਿਲਣ ਹਰਦਮ ਸੁਕੇ ਟੁਕੜੇ ਮੰਗ ਕੇ ਖਾਣ ਮੁਸ਼ਕਲ
ਜਿਨ੍ਹਾਂ ਓੜਨੇ ਲੇਫ ਰਜ਼ਾਈ ਬੱਚਾ ਉਨਾਂ ਜੰਗਲਾਂ ਦੀ ਸਰਦੀ ਖਾਨ ਮੁਸ਼ਕਲ
'ਗ੍ਯਾਨ ਚੰਦ' ਨੌਕਰ ਜਿਨ੍ਹਾਂ ਕਰਨ ਪਖੇ ਵਿਚ ਗਰਮੀਆਂ ਧੂਣੀ ਰਮਾਨ ਮੁਸ਼ਕਲ
ਜ਼ੇ-ਜ਼ਰ ਝੂਠਾ ਗੋਪੀ ਚੰਦ ਕਹਿੰਦਾ ਸਚੇ ਰੱਬ ਦਾ ਧਿਆਨ ਲਗਾਂਗਾ ਮੈਂ
ਸਾਰੀ ਭੁਖ ਸ਼ਰੀਰ ਦੀ ਉਤਰ ਜਾਸੀ ਚੁਟਕੀ ਜਦੋਂ ਭਬੂਤ ਦੀ ਖਾਂਗਾ ਮੈਂ
ਕਰਸਨ ਸਰਦੀਆਂ ਗਰਮੀਆਂ ਅਸਰ ਨਹੀਂ ਜਦੋਂ ਬਦਨ ਤੇ ਭਸਮ ਰੁਮਾਂਗਾ ਮੈਂ
‘ਗਯਾਨ ਚੰਦ' ਏਥੋਂ ਐਵੇ ਹਿਲਣਾ ਨਹੀਂ ਜੋਗ ਲਾਂਗਾ ਮੈਂ ਜੋਗ ਲਾਂਗਾ ਮੈਂ
ਸੀਨ-ਸੁਣੀ ਬੱਚਾ ਲੋਕ ਰੰਨ ਲਟੂ ਫ਼ਕਰ ਤਕਦਾ ਵਲ ਨਾ ਪਰੀ ਹੈ ਓਏ
ਤੇਰੇ ਜਿਹੇ ਰੰਨਾਂ ਕਈ ਅਟੇਰਦੇ ਨੇ ਨੱਸ ਜਾਣ ਰਹਿੰਦੀ ਝੋਲੀ ਧਰੀ ਹੈ ਓਏ
ਔਰਤ ਜੋਕ ਵਾਂਗੂ ਖੂਨ ਚੂਸ ਲੈਂਦੀ ਵਿਚੋਂ ਜ਼ਹਿਰ ਤੇ ਬਾਹਰੋਂ ਹਰੀ ਹੈ ਓਏ
ਗਯਾਨ ਚੰਦ ਦਿਸੇ ਵਿਰਲਾ ਬ੍ਰਹਮਚਾਰੀ ਏ ਤਾਂ ਕਾਮ ਪਿਛੇ ਦੁਨੀਆਂ ਮਰੀ ਹੈ ਓਏ
ਸ਼ੀਨ-ਸ਼ਰਮ ਔਂਦੀ ਗੱਲ ਕਰਦਿਆਂ ਵੀ ਬੁਢੇ ਬੁਢੇ ਵੀ ਕਦੀ ਨਾ ਸੰਗਦੇ ਨੇ
ਟੰਗ ਕਬਰ ਦੇ ਵਿਚ ਪਈ ਲਟਕਦੀ ਏ ਉਮਰ ਅਸੀਆਂ ਦੀ ਸੇਹਰੇ ਟੰਗਦੇ ਨੇ
ਖਾਵਣ ਦੁਧ ਮਲਾਈ ਤੇ ਮਾਰ ਕੁਸ਼ਤੇ ਦਾੜ੍ਹੀ ਵਸਮਿਆਂ ਦੇ ਨਾਲ ਰੰਗਦੇ ਨੇ
‘ਗਯਾਨ’ ਤੂੰ ਮੂਲੀ ਕੇਹੜੇ ਬਾਗ ਦੀਏ ਅਗੇ ਕਈ ਡੰਗੇ ਇਸ਼ਕ ਡੰਗਦੇ ਨੇ
ਸ੍ਵਾਦ-ਸਬਰ ਕਰਕੇ ਗੋਪੀ ਚੰਦ ਕਹਿੰਦਾ ਅਸਾਂ ਖੁਵਾਹਿਸ਼ਾਂ ਸਾਰੀਆਂ ਮਾਰੀਆਂ ਨੂੰ
ਤ੍ਰੈ ਸੌ ਸੱਠ ਮੈਂ ਰਾਣੀਆਂ ਛੱਡ ਆਯਾ ਕਈ ਸੂਰਤਾਂ ਪਿਆਰੀਆਂ ਪਿਆਰੀਆਂ ਨੂੰ
ਸੂਰਜ ਚੰਦ ਦੇਖ ਹੈਰਾਨ ਹੁੰਦੇ ਆ ਝਾਤੀਆਂ ਮਾਰਦੇ ਬਾਰੀਆਂ ਨੂੰ