ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/21

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੈਸੀ ਤੜਫਦੀ ਵੀਰ ਫਰਾਕ ਅੰਦਰ ਆਉਂਦਾ ਨਹੀਂ ਸੀ ਭੈਣ ਨੂੰ ਚੈਨ ਬੇਲੀ
'ਗ੍ਯਾਨ' ਬੀਤਦਾ ਦਿਨ ਵਿਚ ਹੌਕਿਆਂ ਦੇ ਤਾਰੇ ਗਿਣਦਿਆਂ ਲੰਘਦੀ ਰੈਣ ਬੇਲੀ
ਲਾਮ-ਲਿਆਈ ਚੰਦ੍ਰਾਵਲੀ ਖੈਰ ਜਿਸ ਦਮ ਹਾਨ ਵੀਰ ਡਿੱਠਾ ਗਸ਼ ਪੈ ਗਈ ਜੀ
ਵੇਖ ਵੀਰ ਫਕੀਰ ਦਿਲਗੀਰ ਹੋਈ ਪਈ ਦੰਦਨਾਂ ਤੇ ਉਥੇ ਢੈਹ ਗਈ ਜੀ
ਥੋੜੀ ਦੇਰ ਪਿਛੋਂ ਜਦੋਂ ਹੋਸ਼ ਆਈ ਗੋਪੀ ਚੰਦ ਤਾਈਂ ਅੰਦਰ ਲੈ ਗਈ ਜੀ
‘ਗਯਾਨ ਚੰਦ' ਉਦਾਸੀ ਆ ਭੌਰ ਓਹਦਾ ਹੋ ਜੀਵਨੇ ਦੀ ਗੱਲ ਤਹਿ ਗਈ ਜੀ
ਮੀਮ-ਮਾਂ ਦਾ ਆਖਿਆ ਮੰਨ ਕੇ ਤੇ ਵੀਰਾ ਏਹ ਕੀ ਖੇਲ ਖਲਾਰਿਆ ਈ
ਮੇਰੇ ਬਾਪ ਦਾ ਰਾਜ ਉਜਾੜਿਆ ਈ ਚੰਗਾ ਜੋਗੀਆਂ ਦਾ ਭੇਸ ਧਾਰਿਆ ਈ
ਅਜੇ ਖਾਣ ਤੇ ਪੀਣ ਦਾ ਵਕਤ ਤੇਰਾ ਵੀਰਾ ਜਿਉਂਦਿਆਂ ਜੀਨੂੰ ਮਾਰਿਆ ਈ
‘ਗਯਾਨ ਚੰਦ' ਏਹ ਵੇਖਕੇ ਹਾਲ ਤੇਰਾ ਮੈਥੋਂ ਜਾਂਵਦਾ ਨਹੀਂ ਸਹਾਰਿਆ ਈ
ਨੂਨ-ਨਾਮ ਦੀ ਜਿਨ੍ਹਾਂ ਸ਼ਰਾਬ ਪੀਤੀ ਪੀਣੀ ਉਹਨਾਂ ਕੀ ਜਗਦੀ ਭੰਗ ਭੈਣੇ
ਉਹਨਾਂ ਵਿਚ ਤਾਲਾਬ ਕੀ ਨਹਾਵਨਾ ਏਂ ਕੋਲ ਜਿਨ੍ਹਾਂ ਦੇ ਵਗਦੀ ਗੰਗ ਭੈਣੇ
ਏਸ ਨਾਮ ਦਾ ਵੱਖਰਾ ਰੰਗ ਹੈ ਨੀ ਵੇਖ ਰੰਗ ਮਜੀਠ ਵੀ ਦੰਗ ਭੈਣੇ
‘ਗਯਾਨ' ਗ੍ਰਹਿਸਤੀਆਂ ਨੂੰ ਹੁੰਦੀ ਲੱਜ ਥਾਂ ਥਾਂ ਐਪਰ ਜੋਗੀਆਂ ਨੂੰ ਕਾਹਦੀ ਸੰਗ ਭੈਣੇ
ਵਾ-ਵੇਖ ਨਾ ਵੀਰ ਦਾ ਹਾਲ ਸੱਕੀ ਗਸ਼ਾਂ ਪੈ ਗਈਆਂ ਦਿਲ ਘਟ ਗਿਆ
ਤਨ ਵੀਰ ਦੇ ਜਦੋਂ ਭਬੂਤ ਡਿੱਠੀ ਅੱਖਾਂ ਅਤੇ ਚਾਈ ਸੀਨਾ ਫਟ ਗਿਆ
ਜਿਹਾ ਜੀ ਘਟਿਆ ਚੰਦ੍ਰਾਵਲੀ ਦਾ ਕਾਲ ਉਖਲੀ ਪਾਇਕੇ ਛਟ ਗਿਆ
‘ਗਯਾਨ’ ਰੂਹ ਕਲਬੂਤ ਨੂੰ ਸਟ ਗਿਆ ਗੋਯਾ ਛੋੜ ਵਨਜਾਰੜਾ ਹਟ ਗਿਆ
ਹੇ-ਹੋਰ ਕੀ ਲਿਖਾਂ ਬਿਆਨ ਏਹਦਾ ਗੋਪੀ ਚੰਦ ਮੈਂ ਕੀਤਾ ਤਮਾਮ ਹੈ ਜੀ
ਕੰਮ ਅਕਲ ਤੇ ਕੁੰਦ ਦਿਮਾਗ਼ ਮੇਰਾ ਤੋੜ ਰੱਬ ਨੇ ਚਾਹੜਯਾ ਕਾਮ ਹੈ ਜੀ
ਕੰਮ ਓਸਦਾ ਕਿਵੇਂ ਨਾ ਹੋਏ ਪੂਰਾ ਮਦਦਗਾਰ ਜਿਸਦਾ ਮੇਰਾ ਰਾਮ ਹੈ ਜੀ
ਸੁਬ੍ਹਾਸ਼ਾਹ ਜੇ ਏਸਨੂੰ ਪੜ੍ਹਨ ਹਿੰਦੂ ਖੁਲਾ ਓਹਨਾਂ ਲਈ ਸ੍ਵਰਗ ਦਾ ਧਾਮ ਹੈ ਜੀ
ਯੇ-ਯਾਦ ਕਰੋ ਸਦਾ ਰੱਬ ਤਾਈਂ ਵਾਲੀ ਮਾਲੀ ਜੋ ਬਾਗ ਜਹਾਨ ਦਾ ਏ
ਬੂਟੇ ਬੂਟੇ ਦੀ ਰੱਖਦਾ ਸੋਚ ਹੈਵੇ ਓਥੇ ਕੰਮ ਨਾ ਭੁਲਣ ਭੁਲਾਨ ਦਾ ਏ
ਫਿਕਰ ਇਕ ਨੂੰ ਤਖ਼ਤ ਬਹਾਨ ਦਾ ਏ ਅਤੇ ਇਕ ਨੂੰ ਤਖ਼ਤਾ ਵਖਾਣ ਦਾ ਏ
‘ਗਯਾਨ ਚੰਦ’ ਕੀ ਓਸਦੀ ਲਿਖਾਂ ਮਹਿਮਾਂ ਅਜਬ ਸਿਲਸਲਾ ਮੇਰੇ ਭਗਵਾਨ ਦਾ ਏ