ਮਹਾਰਾਜਾ ਖੜਕ ਸਿੰਘ ਟਿਕ ਲਾ ਕੇ ਉਸ ਦੇ ਚੇਹਰੇ ਵਲ ਵੇਖ ਰਿਹਾ ਸੀ। ਪਾਪੀ ਦਾ ਹਿਰਦਾ ਬੜਾ ਦੁਰਬਲ ਹੁੰਦਾ ਏ, ਧਿਆਨ ਸਿੰਘ ਦੇ ਚੇਹਰੇ ਪਰ ਇਕ ਰੰਗ ਆਉਂਦਾ ਸੀ ਤੇ ਇਕ ਜਾਂਦਾ। ਇਸ ਸਮੇਂ ਉਸ ਦਾ ਚੇਹਰਾ ਉਸ ਦੇ ਦਿਲ ਦੀ ਤਸਵੀਰ ਬਣਿਆ ਹੋਇਆ ਸੀ। ਜਿਹੜਾ ਭੀ ਉਸ ਨੂੰ ਇਸ ਸਮੇਂਂ ਵੇਖਦਾ, ਉਹ ਹੀ ਉਹ ਦੇ ਪਾਪਾਂ ਨੂੰ ਜਾਣ ਲੈਂਦਾ ਪਰ ਮਹਾਰਾਜਾ ਖੜਕ ਸਿੰਘ ਤੋਂ ਬਿਨਾਂ ਇਸ ਸਮੇਂ ਵਖਣ ਵਾਲਾ ਕੋਈ ਨਹੀਂ ਸੀ ਤੇ ਮਹਾਰਾਜਾ ਖੜਕ ਸਿੰਘ ਸਭ ਕੁਝ ਜਾਣਦਾ ਹੋਇਆ ਭੀ-ਕੁਝ ਕਰਨ ਤੋਂ ਅਸਮਰਥ ਸੀ, ਓਧਰ ਰਾਜਾ ਧਿਆਨ ਸਿੰਘ ਨੂੰ ਉਸ ਦੇ ਅੰਦਰੋਂ ਫਿਟਕਾਰ ਪੈ ਰਹੀ ਸੀ, ਜਿਸ ਕਰਕੇ ਉਸ ਲਈ ਉਥੇ-ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਬਹਿਣਾ ਅਸੰਭਵ ਜਿਹਾ ਹੋ ਰਿਹਾ ਸੀ। ਉਸ ਨੇ ਕਈ ਵਾਰ ਬੋਲਣ ਦਾ ਯਤਨ ਕੀਤਾ ਪਰ ਜਬਾਨ ਨੇ ਸਾਥ ਨਹੀਂ ਦਿਤਾ। ਆਖਰ ਬੜੀ ਮੁਸ਼ਕਲ ਨਾਲ ਉਸ ਨੇ ਕਿਹਾ ‘‘ਮਹਾਰਾਜ! ਮੇਨੂੰ ਛੁਟੀ ਦਿਓ, ਕੋਈ ਸੇਵਾ ਹੈ ਤਾਂ ਹੁਕਮ ਕਰੋ।’’
‘‘ਧਿਆਨ ਸਿੰਘਾ! ਸੇਵਾ ਦੀ ਤੂੰ ਕਿਹੜੀ ਕਸਰ ਰਖੀ ਏ।’’
ਧਿਆਨ ਸਿੰਘ ਮਹਾਰਾਜਾ ਖੜਕ ਸਿੰਘ ਦੀ ਇਸ ਟਕੋਰ ਨਾਲ ਕੋਲੇ ਹੋ ਗਿਆ ਤੇ ਉਠ ਕੇ ਤੁਰ ਪਿਆ।
ਮਹਾਰਾਜਾ ਖੜਕ ਸਿੰਘ ਨੇ ਪੁਕਾਰਿਆ, ਧਿਆਨ ਸਿੰਘ ਫੇਰ ਉਸ ਦੇ ਪਲੰਘ ਪਾਸ ਕੁਰਸੀ ਪਰ ਆ ਬੈਠਾ, ਜਿਥੋਂ ਹੁਣੇ ਉਠਿਆ ਸੀ।
-੧੧੮-