ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/122

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

‘‘ਮੈਂ ਨਹੀਂ ਮੰਨਦਾ, ਮੇਰਾ ਨੌਨਿਹਾਲ ਸਿੰਘ.....!’’ ਬੋਲਦੇ ਬੋਲਦ ਮਹਾਰਾਜਾ ਖੜਕ ਸਿੰਘ ਦੀ ਜ਼ਬਾਨ ਰੁਕ ਗਈ।

‘‘ਮਹਾਰਾਜ! ਤੁਹਾਡੇ ਪ੍ਰਵਾਰ ਲਈ ਖੂਨ ਪਸੀਨਾ ਇਕ ਕਰਨ ਦਾ ਇਹੋ ਫਲ ਮਿਲਣਾ ਸੀ, ਜੋ ਸਾਡੀ ਨੀਤ ਪਰ ਇਸ ਤਰ੍ਹਾਂ ਸ਼ਕ ਕੀਤਾ ਜਾ ਰਿਹਾ ਏ।’’ ਧਿਆਨ ਸਿੰਘ ਨੇ ਮਥੇ ਪਰ ਤੀਊੜੀ ਪਾ ਕੇ ਕਿਹਾ।

ਮਹਾਰਾਜਾ ਖੜਕ ਸਿੰਘ ਸਹਿਮ ਜਿਹਾ ਗਿਆ। ਥੋੜਾ ਜਿਹਾ ਰੁਕ ਕੇ ਉਸ ਨੇ ਫੇਰ ਕਿਹਾ——"ਧਿਆਨ ਸਿੰਘਾ! ਮੇਰੇ ਅੰਤਮ ਸਮੇਂ ਸਾਰੀਆਂ ਕਦੂਰਤਾਂ ਦਿਲੋਂ ਕਢ ਦੇ। ਜੇ ਮੈਂ ਕੋਈ ਗੁਨਾਹ ਕੀਤਾ ਏ ਤਾਂ ਮਾਫ ਕਰ ਦੇ, ਇਕ ਵਾਰ ਕੰਵਰ ਨੌਨਿਹਾਲ ਸਿੰਘ ਤੇ ਉਸ ਦੀ ਮਾਂ ਚੰਦ ਕੌਰ ਨੂੰ ਜ਼ਰੂਰ ਮਿਲਾ।"

‘‘ਮਹਾਰਾਜ! ਮੈਂ ਫੇਰ ਯਤਨ ਕਰਦਾ ਹਾਂ ਪਰ ਆਸ ਬੜੀ ਘਟ ਏ, ਝੂਠ ਬੋਲਣ ਦੀ ਮੈਨੂੰ ਆਦਤ ਨਹੀਂ।’’ ਧਿਆਨ ਸਿੰਘ ਨੇ ਉਤਰ ਦਿਤਾ।

‘‘ਚੰਗਾ ਧਿਆਨ ਸਿੰਘਾ ਤੇਰੀ ਮਰਜ਼ੀ ਪਰ ਯਾਦ ਰਖ, ਮੈਨੂੰ ਅੰਤਮ ਸਮੇਂ ਦੁਖੀ ਕਰਨ ਦਾ ਫਲ ਤੈਨੂੰ ਵੀ ਜ਼ਰੂਰ ਭੁਗਤਣਾ ਪਵੇਗਾ।’’ ਮਹਾਰਾਜਾ ਖੜਕ ਸਿੰਘ ਨੇ ਨਿਰਾਸਤਾ ਦੇ ਵਹਿਣ ਵਿਚ ਵਹਿੰਦੇ ਹੋਏ ਕਿਹਾ।

‘‘ਸੋ ਤਾਂ ਮੈਨੂੰ ਪਤਾ ਹੀ ਹੈ, ਤੁਹਾਡੀ ਵਫਾਦਾਰੀ ਦਾ ਫਲ ਬਦ-ਅਸੀਸਾਂ ਦੇ ਰੂਪ ਵਿਚ ਹੀ ਤਾਂ ਮਿਲਣਾ ਸੀ।’’ ਧਿਆਨ ਸਿੰਘ ਨੇ ਉਤਰ ਦਿਤਾ।

ਮਹਾਰਾਜਾ ਖੜਕ ਸਿੰਘ ਨੇ ਹੁਣ ਹੋਰ ਕੁਝ ਨਹੀਂ ਕਿਹਾ, ਨਫਰਤ ਨਾਲ ਉਸ ਨੇ ਮੂੰਹ ਦੂਜੇ ਪਾਸੇ ਫੇਰ ਲਿਆ।

-੧੨੦-