ਪੰਨਾ:ਰਾਜਾ ਧਿਆਨ ਸਿੰਘ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਹਾਰਾਜਾ ਨੌਨਿਹਾਲ ਸਿੰਘ ਦੀਆਂ ਅਖਾਂ ਵਿਚੋਂ ਹੰਝੂਆਂ ਦੇ ਦਰਯਾ ਵਹਿ ਤੁਰੇ। ਪਿਤਾ ਦੇ ਪਿਆਰ ਨੇ ਉਛਾਲਾ ਖਾਧਾ ਤੇ ਧਾਹ ਮਾਰ ਕੇ ਪਿਤਾ ਦੀ ਛਾਤੀ ਨਾਲ ਜਾ ਲਗਾ। ਮਹਾਰਾਜਾ ਖੜਕ ਸਿੰਘ ਦੀਆਂ ਅਖਾਂ ਪੁਤਰ ਦਾ ਇਹ ਪਿਆਰ ਵੇਖ ਕੇ ਇਕ ਵਾਰ-ਅਖੀਰੀ ਵਾਰ ਚਮਕ ਉਠੀਆਂ! ਉਸਦੀਆਂ ਸੁਕੀਆਂ ਹੋਈਆਂ ਬਾਹਵਾਂ ਉਪਰ ਉਠੀਆਂ ਤੇ ਉਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਗਲਵਕੜੀ ਵਿਚ ਲੈ ਰਿਹਾ। ਜ਼ਬਾਨ ਨੇ ਬੋਲਣ ਦਾ ਯਤਨ ਕੀਤਾ ਪਰ ਅਸਫਲ। ਗੁਣ ਗੁਣ ਤੋਂ ਬਿਨਾਂ ਇਕ ਵੀ ਸ਼ਬਦ ਮਹਾਰਾਜਾ ਖੜਕ ਸਿੰਘ ਦੇ ਮੂੰਹੋਂਂ ਨਹੀਂ ਨਿਕਲ ਸਕਿਆ ਪਰ ਇਹ ਗੁਣ ਗੁਣ ਬੰਦ ਨਹੀਂ ਹੁੰਦੀ ਸੀ। ਮਲੂਮ ਹੁੰਦਾ ਸੀ ਕਿ ਉਸ ਦੀ ਛਾਤੀ ਵਿਚ ਕੋਈ ਤਕੜਾ ਭੇਦ ਏ, ਜਿਸ ਨੂੰ ਉਹ ਪ੍ਰਗਟ ਕਰਨ ਦਾ ਯਤਨ ਕਰ ਰਿਹਾ ਏ ਪਰ ਕਰ ਨਹੀਂ ਸਕਦਾ। ਦੁਸ਼ਮਨਾਂ ਨੇ ਉਸਦੀ ਜ਼ਬਾਨ ਪਰ ਕਦੇ ਨਾ ਖੁਲਣ ਵਾਲਾ ਜਿੰਦਰਾ ਲਾ ਰਖਿਆ ਹੈ।

ਏਧਰ ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਨੌਨਿਹਾਲ ਸਿੰਘ ਦੀ ਇਹ ਹਾਲਤ ਹੈ ਤੇ ਦੂਜੇ ਪਾਸੇ ਮਹਾਰਾਣੀ ਚੰਦ ਕੌਰ ਛਾਤੀ ਪਿਟ ਕੇ ਰਹਿ ਗਈ ਸੀ। ਇਕ ਸਾਲ ਵਿਚ ਹੀ ਉਸਦੇ ਪਤੀ ਦੀ ਇਹ ਹਾਲਤ ਹੋ ਜਾਵੇਗੀ ਤੇ ਉਸ ਨੂੰ ਪਤਾ ਤਕ ਨਹੀਂ ਲਗਣ ਦਿਤਾ ਜਾਵੇਗਾ ਇਸ ਦਾ ਉਸਨੂੰ ਖਿਆਲ ਤਕ ਨਹੀਂ ਸੀ, ਅਜ ਆਪਣੇ ਸੁੰਦਰ ਪਤੀ ਦੀ ਥਾਂ ਪਲੰਘ ਪਰ ਇਕ ਜੀਊਂਦੀ ਲਾਸ਼ ਵੇਖਕੇ ਉਸਦੀ ਖਾਨਿਓਂਂ ਗਈ, ਉਸ ਤੋਂ ਨਹੀਂ ਰਿਹਾ ਗਿਆ। ਧਾਹ ਮਾਰ ਕੇ ਕਹਿਣ ਲਗੀ——‘‘ਇਹ ਕੀ ਕਹਿਰ ਗੁਜ਼ਾਰਿਆ ਈ ਧਿਆਨ ਸਿੰਘਾ!’’

-੧੨੯-