ਪੰਨਾ:ਰਾਜਾ ਧਿਆਨ ਸਿੰਘ.pdf/137

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਹਾਰਾਜਾ ਖੜਕ ਸਿੰਘ ਦੀ ਲਾਸ਼ ਦੇ ਨਾਲ ਉਸਦੀਆਂ ਰਾਣੀਆਂ ਦੇ ਸਤੀ ਹੋਣ ਲਈ ਬੈਠ ਜਾਣ ਦੇ ਪਿਛੋਂ ਉਨ੍ਹਾਂ ਪੁਰ ਘਿਉ ਤੇ ਖੁਸ਼ਬੂਆਂ ਨਾਲ ਭਰਿਆ ਹੋਇਆ ਚਾਦਰਾ ਪਾਇਆ ਗਿਆ ਤੇ ਮਹਾਰਾਜਾ ਨੌਨਿਹਾਲ ਸਿੰਘ ਬੰਬੂ ਲਾਉਣ ਲਈ ਅਗੇ ਵਧਿਆ, ਉਸਦੇ ਪਿਛੋਂ ਛੇਤੀ ਹੀ ਚਿਖਾ ਦੀਆਂ ਲਾਟਾਂ ਅਸਮਾਨ ਨਾਲ ਗੱਲਾਂ ਕਰ ਰਹੀਆਂ ਹਨ। ਮਹਾਰਾਜਾ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਇਕ ਪਾਸੇ ਖੜੇ ਅਥਰੂ ਵਿਹਾਉਂਦੇ ਹੋਏ ਹੌਲੀ ਹੌਲੀ ਗਲਾਂ ਕਰ ਰਹੇ ਸਨ।

ਦੂਜੇ ਪਾਸੇ ਰਾਜਾ ਧਿਆਨ ਸਿੰਘ ਜਨਰਲ ਗਾਰਡਨਰ ਨੂੰ ਹੌਲੀ ਹੌਲੀ ਕੰਨ ਵਿਚ ਕੁਝ ਆਖ ਰਿਹਾ ਸੀ।

ਮਹਾਰਾਣੀ ਮਹਾਰਾਜਾ ਨੌਨਿਹਾਲ ਸਿੰਘ ਨੂੰ ਕਹਿ ਰਹੀ ਸੀ- ‘‘ਪੁਤਰ ਚੰਗੇ ਦਿਨ ਨਹੀਂ ਦਿਸਦੇ, ਨਹੀਂ ਤਾਂ ਤੇਰੇ ਪਿਤਾ ਦਾ ਇਹ ਅੰਤ ਨਾ ਹੁੰਦਾ।’’

’’ਮਾਤਾ ਜੀ ਇਹ ਸਾਡਾ ਹੀ ਕਸੂਰ ਏ, ਧੋਖਾ ਖਾ ਗਏ ਬੇਈਮਾਨ ਧਿਆਨ ਸਿੰਘ ਦਾ, ਹੱਛਾ!’’ ਮਹਾਰਾਜਾ ਬੋਲਿਆ।

‘‘ਪੁੱਤਰ! ਔਹ ਵੇਖ, ਧਿਆਨ ਸਿੰਘ ਜਨਰਲ ਗਾਰਡਰ ਦੇ ਕੰਨ ਵਿਚ ਕੁਝ ਆਖ ਰਿਹਾ ਏ। ਬੇਈਮਾਨ ਕੋਈ ਹੋਰ ਬਿਪਤਾ ਖੜੀ ਨਾ ਕਰੇ।’’ ਮਹਾਰਾਣੀ ਨੇ ਉਸ ਪਾਸੇ ਇਸ਼ਾਰਾ ਕਰਦੇ ਹੋਏ ਕਿਹਾ।

ਮਹਾਰਾਜਾ ਨੌਨਿਹਾਲ ਸਿੰਘ ਦੇ ਹਿਰਦੇ ਨੇ ਭੀ ਖਤਰਾ ਅਨਭਵ ਕੀਤਾ ਪਰ ਉਹ ਬੋਲਿਆ ਕੁਝ ਨਹੀਂ।

‘‘ਪੁਤਰ! ਤੂੰ ਛੇਤੀ ਮਹੱਲ ਨੂੰ ਚਲ ਮੈਂ ਹੁਣੇ ਆਉਂਦੀ ਹਾਂ ਪਰ ਜ਼ਰਾ ਹੁਸ਼ਿਆਰੀ ਨਾਲ।’’ ਮਾਤਾ ਨੇ ਕਿਹਾ।

-੧੩੫-