ਪੰਨਾ:ਰਾਜਾ ਧਿਆਨ ਸਿੰਘ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਤਾ ਦੀ ਅਸੀਸ ਦਾ ਸਦਕਾ ਅੱਜ ਖਾਲਸਾ ਰਾਜ ਕਰ ਰਿਹਾ ਏ, ਉਸ ਦਾ ਅੰਮ੍ਰਿਤੀ ਸੁਨੇਹਾ ਥਾਂ ਥਾਂ ਪੁਚਾਉਣਾ ਸਾਡਾ ਫਰਜ਼ ਏ।’’

‘‘ਹਜ਼ੂਰ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ’’

‘‘ਹਾਂ, ਸਚ ਧਿਆਨ ਸਿੰਘਾ। ਇਹ ਤਾਂ ਦੱਸ ਕਿ ਰਾਮ ਲਾਲ ਸਿੰਘ ਸੱਜ ਗਿਆ ਏ?’’

‘‘ਹਜ਼ੂਰ ਕਿਹੜਾ ਰਾਮ ਲਾਲ?’’

‘‘ਉਹੋ ਜਮਾਦਾਰ ਸਾਹਿਬ ਦਾ ਭਰਾ। ਅਸਾਂ ਉਸ ਦਿਨ ਤੇਰੇ ਸਾਹਮਣੇ ਤਾਂ ਉਹਨਾਂ ਨੂੰ ਕਿਹਾ ਸੀ।’’

ਧਿਆਨ ਸਿੰਘ ਨੇ ਕੋਈ ਉਤਰ ਨਹੀਂ ਦਿੱਤਾ ਉਹ ਕਿਸੇ ਗਹਰੀ ਸੋਚ ਵਿਚ ਸੀ, ਮਾਨੋ ਹਨੇਰੇ ਵਿਚ ਕੋਈ ਰਾਹ ਦਿਸ ਪਿਆ ਹੋਵੇ।

ਮਹਾਰਾਜਾ ਸਾਹਿਬ ਫੇਰ ਬੋਲੇ- ‘‘ਕਿਉਂ ਭਈ ਪਤਾ ਨਹੀਂ ਤੈਨੂੰ?’’

‘‘ਹਜ਼ੂਰ ਕੀ ਦੱਸਾਂ।’’

‘‘ਕਿਉਂ?’’

‘‘ਰਾਮ ਲਾਲ ਤਾਂ ਖਬਰੇ ਅੰਗਰੇਜ਼ੀ ਇਲਾਕੇ ਵਿਚ ਭਜ ਗਿਆ ਏ।’’

‘‘ਹੈਂ.... ਇਹ ਗੱਲ, ਨਿਮਕ ਹਰਾਮ ਖੁਸ਼ਹਾਲ ਸਿੰਘ ਦੀ ਇਹ ਕਰਤੂਤ, ਸਾਡੇ ਕਹਿਣ ਦਾ ਉਲਟਾ ਅਸਰ।’’

ਮਹਾਰਾਜਾ ਸਾਹਿਬ ਨੇ ਗੁਸੇ ਵਿਚ ਆ ਕੇ ਕਿਹਾ।

ਇਸ ਤੋਂ ਅਗਲੇ ਦਿਨ ਸਵੇਰੇ ਸ਼ੇਰੇ ਪੰਜਾਬ ਆਪਣੇ ਮੀਰ ਮੁਣਸ਼ੀ ਤੋਂ ਹੁਕਮ ਲਿਖਵਾ ਰਹੇ ਸਨ:-

-੧੦-