ਪੰਨਾ:ਰਾਜਾ ਧਿਆਨ ਸਿੰਘ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ: ਅਜੀਤ ਸਿੰਘ ਸੰਧਾਵਾਲੀਆ ਤੇ ਸ: ਲਹਿਣਾ ਸਿੰਘ ਮਜੀਠੀਆ ਭੀ ਮੌਜੂਦ ਸਨ।

ਇਸ ਛੋਟੀ ਜਿਹੀ ਸਭਾ ਵਿਚ ਰਾਜਾ ਗੁਲਾਬ ਸਿੰਘ ਨੇ ਇਸ ਪ੍ਰਕਾਰ ਗਲ ਬਾਤ ਸ਼ੁਰੂ ਕੀਤੀ।

‘‘ਰਾਜਾ ਸ਼ੇਰ ਸਿੰਘ ਜੀ, ਤੁਹਾਡੇ ਪਿਤਾ ਸ਼ੇਰੇ ਪੰਜਾਬ ਨੇ ਸਿਖ ਰਾਜ ਕਿਨੇ ਪਾਪੜ ਵੇਲ ਕੇ ਕਾਇਮ ਕੀਤਾ ਸੀ। ਇਹ ਤੁਹਾਥੋਂ ਭੁਲਿਆ ਹੋਇਆ ਨਹੀਂ, ਉਸਦੇ ਪਿਛੋਂ ਇਸ ਦੀ ਬਦਕਿਸਮਤੀ ਦੇ ਦਿਨ ਸਾਹਮਣੇ ਹਨ। ਮਹਾਰਾਣੀ ਚੰਦ ਕੌਰ ਤੁਹਾਡੇ ਲਈ ਓਪਰੀ ਨਹੀਂ। ਸ੍ਰਦਾਰਾਂ ਦੀ ਮਰਜ਼ੀ ਏ ਕਿ ਬੀਬੀ ਨਾਨਕੀ ਦੇ ਬੱਚਾ ਹੋਣ ਤਕ ਤਖਤ ਉਸ ਲਈ ਰਾਖਵਾਂ ਰਖਿਆ ਜਾਵੇ। ਜੇ ਲੜਕਾ ਹੋਇਆ ਤਾਂ ਵਾਹ ਭਲੀ, ਨਹੀਂ ਤਾਂ ਤਖਤ ਤੁਹਾਡਾ ਈ ਏ, ਮਹਾਰਾਣੀ ਨੇ ਕਿਥੇ ਚਕ ਕੇ ਲੈ ਜਾਣਾ ਏ।’’

‘‘ਪਰ ਜੇ ਤਦ ਤਕ ਤਖਤ ਪਰ ਮੈਂ ਬਹਿ ਜਾਵਾਂ।’’

‘‘ਇਹ ਮੁਨਾਸਬ ਨਹੀਂ।’’ ਸ਼ੇਰ ਸਿੰਘ ਦੀ ਉਕਤ ਗਲ ਦੇ ਉਤਰ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਏ ਨੇ ਕਿਹਾ ਤੇ ਸ: ਅਜੀਤ ਸਿੰਘ ਸੰਧਾਵਾਲੀਏ ਨੇ ਭੀ ਇਸ ਦੀ ਪੁਸ਼ਟੀ ਕੀਤੀ।

‘‘ਤਦ ਗਲ ਨਿਬੜਨ ਦਾ ਕੀ ਰਾਹ ਹੋਇਆ?’’ ਰਾਜਾ ਸ਼ੇਰ ਸਿੰਘ ਨੇ ਪੁਛਿਆ।

ਹੁਣ ਸਾਰੇ ਜਣੇ ਸੋਚੀ ਪੈ ਗਏ, ਮਹਾਰਾਣੀ ਚੰਦ ਕੌਰ ਦੀਆਂ ਅੱਖਾਂ ਵਿਚੋਂ ਇਸ ਸਮੇਂ ਹੰਝੂਆਂ ਦਾ ਮੀਂਹ ਪੈ ਰਿਹਾ ਸੀ।

-੧੪੬-