ਪੰਨਾ:ਰਾਜਾ ਧਿਆਨ ਸਿੰਘ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਤੀ ਦਾ ਨਤੀਜਾ, ਇਹ ਚੰਗੀ ਹੈ ਜਾਂ ਮੰਦੀ, ਇਸ ਸਬੰਧੀ ਰਾਇਜ਼ਨੀ ਕਰਨਾ ਸਾਡਾ ਕੰਮ ਨਹੀਂ ਇਸ ਦਾ ਨਿਰਣਾ ਹੈ ਪਾਠਕਾਂ ਪਰ।

ਜਦ ਆਦਮੀ ਸ਼ਰਾਬੀ ਹੋ ਜਾਂਦਾ ਹੈ ਤਦ ਉਹ ਵਧ ਤੋਂ ਵਧ ਗਲਾਸ ਚੜ੍ਹਾਈ ਜਾਂਦਾ ਏ। ਉਹ ਇਹ ਅਨਭਵ ਨਹੀਂ ਕਰਦਾ ਕਿ ਵਧੇਰੇ ਸ਼ਰਾਬ ਉਸ ਲਈ ਘਾਤਕ ਸਾਬਤ ਹੋਵੇਗੀ ਏਸੇ ਤਰ੍ਹਾਂ ਹਕੂਮਤ ਇਕ ਨਸ਼ਾ ਹੈ। ਜਦ ਆਦਮੀ ਦੇ ਹੱਥ ਥੋਹੜੀ ਜਿਹੀ ਹਕੂਮਤ ਆਉਂਦੀ ਏ ਤਦ ਉਸ ਦੀ ਹਾਲਤ ਭੀ ਇੰਨ ਬਿੰਨ ਸ਼ਰਾਬੀ ਜਿਹੀ ਹੋ ਜਾਂਦੀ ਏ। ਉਹ ਹਕੂਮਤ ਨੂੰ ਵਧਾਉਣ ਲਈ ਹੱਥ ਪੈਰ ਮਾਰਦਾ ਏ....... ਖ਼ਤਰਿਆਂ ਤੋਂ ਬਿਲਕੁਲ ਬੇਪਰਾਹ ਹੋ ਕੇ।

ਸ਼ੇਰੇ ਪੰਜਾਬ ਦਾ ਕਿਰਪਾ ਪਾਤਰ ਬਣ ਕੇ ਰਾਜਾ ਧਿਆਨ ਸਿੰਘ ਨੇ ਹੁਕਮਤ ਦੀ ਪੀਂਘ ਹੋਰ ਚੜ੍ਹਾਉਣ ਦੇ ਯਤਨ ਅਰੰਭ ਦਿਤੇ। ਕਿਸੇ ਸਿਆਣੇ ਨੇ ਸਚ ਕਿਹਾ ਏ ਕਿ ‘‘ਜਦ ਦਿਨ ਹੋਵਨ ਪਧਰੇ ਭੁੰਨੇ ਉਗਣ ਮੋਠ।’’ ਸੋ ਇਹ ਝੂਠੀ ਨਹੀਂ ਹੈ। ਧਿਆਨ ਸਿੰਘ ਤੇ ਉਹਨਾਂ ਦੇ ਪ੍ਰਵਾਰ ਦੇ ਦਿਨ ਭੀ ਅੱਜ ਪਧਰੇ ਹਨ। ਪੰਜਾਬ ਦੇ ਪਾਤਸ਼ਾਹ ਰਣਜੀਤ ਸਿੰਘ ਦੀ ਜਿਤਨੀ ਕ੍ਰਿਪਾ ਦ੍ਰਿਸ਼ਟੀ ਇਸ ਤੇ ਹੈ, ਆਪਣੇ ਹੋਰ ਰਾਜ ਕੁਮਾਰਾਂ ਪਰ ਭੀ ਨਹੀਂ ਤੇ ਵਲੀਅਹਿਦ ਰਾਜ ਕੁਮਾਰ ਖੜਕ ਸਿੰਘ ਤੇ ਭੀ ਨਹੀਂ। ਧਿਆਨ ਸਿੰਘ ਦੇ ਪੁਤਰ ਹੀਰਾ ਸਿੰਘ ਨਾਲ ਸ਼ੇਰੇ ਪੰਜਾਬ ਨੂੰ ਖਾਸ ਉਨਸ ਹੈ। ਉਸ ਨੂੰ ਉਹ ਇਕ ਪਲ ਲਈ ਭੀ ਅੱਖਾਂ ਤੋਂ ਓਹਲੇ ਨਹੀਂ ਕਰਦੇ। ਬਾਰਾਂ ਸਾਲਾਂ ਦੇ ਇਸ ਬਾਲਕ ਨੂੰ ਰਾਜਾ ਦਾ ਖ਼ਿਤਾਬ ਦੇ ਕੇ ਆਪਣੇ ਸਾਹਮਣੇ ਕੁਰਸੀ ਉਤੇ ਬਹਿਣ ਦਾ

-੧੫-