ਪੰਨਾ:ਰਾਜਾ ਧਿਆਨ ਸਿੰਘ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਆਪਣੇ ਸਫ਼ੀਰ ਭੀ ਲਾਹੌਰ ਦਰਬਾਰ ਵਿਚ ਭੇਜ ਰਖੇ ਸਨ। ਇਸ ਮਿਤਰ ਚਾਰੀ ਨੂੰ ਪੱਕਿਆਂ ਕਰਨ ਲਈ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਪਰ ਹਿੰਦੁਸਤਾਨ ਦੀ ਅੰਗ੍ਰੇਜ਼ੀ ਸਰਕਾਰ ਦਾ ਜੰਗੀ ਲਾਟ ਭੀ ਚਲ ਕੇ ਆਇਆ ਸੀ।

ਉਸਦੇ ਪਿਛੋਂ ਜਦ ਕਾਬਲ ਦਾ ਤਖਤ ਸ਼ਾਹ ਸਿਜਾਹ ਤੇ ਦੋਸਤ ਮੁਹੰਮਦ ਖਾਂ ਨੇ ਖੋਹ ਲਿਆ ਅਤੇ ਸਿਖ ਰਾਜ ਤੇ ਅੰਗ੍ਰੇਜ਼ੀ ਰਾਜ ਦੋਹਾਂ ਲਈ ਰੂਸੀ ਹਮਲੇ ਦਾ ਖਤਰਾ ਪੈਦਾ ਹੋ ਗਿਆ ਤਾਂ ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਮਹਾਰਾਜਾ ਸ਼ੇਰੇ ਪੰਜਾਬ ਪਾਸ ਇਹ ਸੁਨੇਹਾ ਦੇ ਕੇ ਏਲਚੀ ਭੇਜਿਆ ਕਿ ਅੰਗ੍ਰੇਜ਼ ਤੇ ਸਿਖ ਮਿਲਕੇ ਸ਼ਾਹ ਸਿਜਾਹ ਨੂੰ ਉਸਦਾ ਤਖਤ ਵਾਪਸ ਦਿਵਾਉਣ। ਸ਼ੇਰੇ ਪੰਜਾਬ ਨੇ ਇਹ ਗਲ ਮੰਨ ਲਈ। ਇਸ ਕਰਕੇ ਅੰਗ੍ਰੇਜ਼ੀ ਰਾਜ ਤੇ ਸਿਖ ਰਾਜ ਵਿਚ ਮਿਤਰਤਾ ਦੀ ਗੰਢ ਹੋਰ ਵੀ ਪੀਚੀ ਗਈ। ਇਸ ਦੇ ਨਾਲ ਹੀ ਲਾਰਡ ਆਕਲੈਂਡ ਨੇ ਸ਼ੇਰੇ ਪੰਜਾਬ ਨਾਲ ਮੁਲਾਕਾਤ ਦੀ ਇਛਿਆ ਭੀ ਪ੍ਰਗਟ ਕੀਤੀ। ਜਿਸ ਪਰ ਪਹਿਲਾਂ ਫਿਰੋਜ਼ਪੁਰ ਵਿਚ ਮੁਲਾਕਾਤ ਹੋਈ। ਇਹ ਸ਼ਹਿਰ ਉਸ ਸਮੇਂ ਅੰਗ੍ਰੇਜ਼ਾਂ ਦੇ ਅਧੀਨ ਸੀ। ਲਾਟ ਸਾਹਿਬ ਨੇ ਮਲਕਾ ਵਿਕਟੋਰੀਆ, ਈਸਟ ਇੰਡੀਆ ਕੰਪਨੀ ਅਥਵਾ ਅੰਗ੍ਰੇਜ਼ੀ ਸ੍ਰਕਾਰ ਵਲੋਂ ਸ਼ੇਰੇ ਪੰਜਾਬ ਦੀ ਭੇਟਾ ਬਹੁਤ ਸਾਰੇ ਤੋਹਫੇ ਕੀਤੇ। ਉਤਰ ਵਿਚ ਮਹਾਰਾਜਾ ਸਾਹਿਬ ਨੇ ਭੀ ਤੋਹਫੇ ਦਿਤੇ। ਦੋਹਾਂ ਸ੍ਰਕਾਰਾਂ ਦੀ ਮਿਤਰਤਾ ਬਹੁਤ ਵਧ ਗਈ। ਵਿਛੜਨ ਨੂੰ ਜੀ ਹੀ ਨਾ ਕਰੇ। ਇਸ ਲਈ ਸ਼ੇਰੇ ਪੰਜਾਬ ਲਾਟ ਸਾਹਿਬ ਨੂੰ ਲਾਹੌਰ ਤੇ ਅੰਮ੍ਰਿਤਸਰ ਆਉਣ ਦਾ ਸੱਦਾ ਦੇ ਆਏ।

ਤਿੰਨਾਂ ਦਿਨਾਂ ਪਿਛੋਂ ਹੀ ਲਾਟ ਸਾਹਿਬ ਫਿਰੋਜ਼ਪੁਰ ਤੋਂ

-੪੬-