ਪੰਨਾ:ਰਾਜਾ ਧਿਆਨ ਸਿੰਘ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰੇ ਪੰਜਾਬ ਮੌਤ ਦੇ ਮੰਜੇ ਪਰ ਪਿਆ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਹੈ ਪਰ ਉਸ ਦੇ ਹੋਸ਼ ਹਵਾਸ ਹਾਲਾਂ ਭੀ ਕਾਇਮ ਹਨ। ਕੁਦਰਤ ਨੇ ਜ਼ਬਾਨ ਨੂੰ ਭੀ ਚਲਣ ਦੀ ਖੁਲ ਦੇ ਦਿਤੀ ਏ, ਤਾਂਕਿ ਕੋਈ ਭੇਦ ਉਸ ਦੇ ਮਹਾਨ ਹਿਰਦੇ ਵਿਚ ਲੁਕਿਆ ਹੀ ਨਾ ਚਲਿਆ ਜਾਵੇ। ਦੀਵਾ ਬੁਝਣ ਤੋਂ ਪਹਿਲਾ ਵਧੇਰੇ ਜ਼ੋਰ ਨਾਲ ਬਲ ਉਠਦਾ ਏ, ਇਹੋ ਹਾਲਤ ਇਸ ਸਮੇਂ ਸਿਖ ਪਾਤਸ਼ਾਹ ਦੀ ਸੀ। ਉਸ ਦੇ ਨੇੜੇ ਰਾਜਾ ਧਿਆਨ ਤੇ ਹੋਰ ਸ੍ਰਦਾਰ ਬੈਠੇ ਹੋਏ ਹਨ। ਮਹਾਰਾਜਾ ਖੜਕ ਸਿੰਘ ਭੀ ਪਿਤਾ ਦੇ ਚਰਨਾਂ ਵਲ ਨੀਵੀਂ ਪਾਈ ਅਥਰੂ ਕੇਰ ਰਿਹਾ ਏ। ਹਕੀਮ ਦਬਾਦਬ ਦਵਾਈਆਂ ਤਿਆਰ ਕਰ ਰਹੇ ਹਨ। ਮਾਨੋ ਉਨ੍ਹਾਂ ਨੂੰ ਹਾਲਾਂ ਭੀ ਨਿਸਚਾ ਏ ਕਿ ਉਨਾਂ ਦੀਆਂ ਦਵਾਈਆਂ ਸ਼ੇਰੇ ਪੰਜਾਬ ਨੂੰ ਮੌਤ ਦੇ ਮੂੰਹ ਵਿਚੋਂ ਕਢ ਲੈਣਗੀਆਂ। ਭੋਲੇ ਹਕੀਮਾਂ ਨੂੰ ਆਪਣੀਆਂ ਦਵਾਈਆਂ ਪਰ ਕਿਤਨਾ ਮਾਣ ਹੈ; ਉਹ ਇਤਨਾ ਭੀ ਨਹੀਂ ਸਮਝਦੇ ਕਿ ਜਦ ਦਵਾਈਆਂ ਦੇ ਮਾਲਕ ਲੁਕਮਾਨ ਤੇ ਧੁਨੰਤਰ ਜਿਹੇ ਭੀ ਨਹੀਂ ਰਹੇ ਤਾਂ ਉਨ੍ਹਾਂ ਦੀਆਂ ਦਵਾਈਆਂ ਹੋਰ ਕਿਸੇ ਨੂੰ ਕੀ ਬਚਾ ਸਕਦੀਆਂ ਹਨ। ਜਿਸ ਦੀ ਵਧੀ ਏ, ਬਿਨਾਂ ਦਵਾਈ ਖਾਣ ਤੋਂ ਭੀ ਉਸਨੂੰ ਕੋਈ ਖਤਰਾ ਨਹੀਂ ਏ ਤੇ ਜਿਸਦੀ ਘਟੀ ਏ, ਲਖ ਦਵਾਈਆਂ ਭੀ ਉਸ ਨੂੰ ਬਚਾ ਨਹੀਂ ਸਕਦੀਆਂ ਖੁਦਾਈ ਦਾਹਵੇ ਬੰਨਣ ਵਾਲੇ ਹਕੀਮਾਂ ਵਿਚੋਂ ਆਪ ਭੀ ਤਾਂ ਕੋਈ ਬਚਦਾ ਨਜ਼ਰ ਨਹੀਂ ਆਉਂਦਾ।

ਸ਼ੇਰੇ ਪੰਜਾਬ ਦੇ ਪਲੰਗ ਦੇ ਦੁਆਲੇ ਮਾਤਮ ਦੀ ਸਫ਼ ਵਿਛੀ ਹੋਈ ਸੀ ਤੇ ਮੌਤ ਜਿਹੀ ਖਾਮੋਸ਼ੀ ਨਜ਼ਰ ਆਉਂਦੀ ਸੀ। ਇਸ ਹਾਲਤ ਵਿਚ ਅਚਾਨਕ ਸ਼ੇਰੇ ਪੰਜਾਬ ਬੋਲ ਉਠਿਆ

-੫੦-