ਪੰਨਾ:ਰਾਜਾ ਧਿਆਨ ਸਿੰਘ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਖਾਸ ਗਲ ਕੀ ਹੋਣੀ ਏ ਬਾਬਾ! ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਸ ਦੇ ਨਾਲ ਹੀ ਚਲੀ ਜਾਂਦੀ ਏ। ਫੇਰ ਜਿਹੜੀਆਂ ਗਲਾਂ ਉਡ ਰਹੀਆਂ ਹਨ, ਉਨ੍ਹਾਂ ਦਾ ਤੁਹਾਨੂੰ ਪਤਾ ਈ ਹੈ।"

"ਹਾਂ, ਕਾਕਾ ਗੱਲਾਂ ਤਾਂ ਉਡ ਹੀ ਰਹੀਆਂ ਹਨ, ਖੁਦਾ ਭਲਾ ਕਰੇ।"

"ਮਹਾਰਾਜ ਨੇ ਡੋਗਰਿਆਂ ਨੂੰ ਆਪਣੇ ਰਾਜ ਵਿਚ ਵਾੜ ਕੇ ਚੰਗਾ ਨਹੀਂ ਕੀਤਾ।"

"ਹੋਣੀ ਕਿਸ ਤੋਂ ਟਲਦੀ ਏ ਪਰ ਜਾਣ ਦਿਓ ਇਨ੍ਹਾਂ ਗੱਲਾਂ ਨੂੰ ਕੋਈ ਬਿਪਤਾ ਨਾ ਪੈ ਜਾਵੇ।"

"ਬਾਬਾ ਬਿਪਤਾ ਕੀ ਪੈਣੀ ਹੋਈ। ਪੈਣ ਵਾਲੀ ਬਿਪਤਾ ਤਾਂ ਸਾਫ ਦਿਸ ਰਹੀ ਏ। ਇਨ੍ਹਾਂ ਡੋਗਰਿਆਂ ਨੇ ਹਰੀ ਸਿੰਘ ਨਲੂਏ ਨੂੰ ਵੀ ਨਹੀਂ ਛਡਿਆ, ਇਹ ਕਿਸੇ ਦੇ ਮਿਤ ਨਹੀਂ, ਕਾਲੇ ਨਾਗ ਨਿ, ਕਾਲੇ ਨਾਗ।" ਇਕ ਜਾਣਕਾਰ ਸਿਖ ਨੇ ਉਤਰ ਦਿਤਾ।

ਬਾਬੇ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ-ਭਰਾਵੋ! ਮੰਦੇ ਭਾਗ ਹਨ ਪੰਜਾਬ ਦੇ ਜੋ ਇਸ ਸਮੇਂ ਮਹਾਰਾਜ ਦੀ ਮੌਤ ਹੋਈ। ਆਓ ਮਹਾਰਾਜ ਦੀ ਰੂਹ ਦੀ ਸ਼ਾਂਤੀ ਤੇ ਉਨ੍ਹਾਂ ਦੇ ਪ੍ਰਵਾਰ ਲਈ ਅਲਾਹ ਪਾਸ ਦਵਾ ਕਰੀਏ। ਹੋਰ ਸਾਡੇ ਵਸ ਵਿਚ ਕੀ ਏ।

ਸਾਰੇ ਜਣੇ ਖੜੇ ਹੋ ਕੇ ਪ੍ਰਾਰਥਨਾ ਕਰਨ ਲਗੇ।

ਸ਼ਹਿਰ ਵਿਚ ਥਾਂ ਪਰ ਥਾਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।

ਓਧਰ ਮਹੱਲਾਂ ਵਿਚ ਹਲਚਲੀ ਮਚੀ ਹੋਈ ਏ।

-੫੭-