ਪੰਨਾ:ਰਾਜਾ ਧਿਆਨ ਸਿੰਘ.pdf/76

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

੯.

ਸ਼ੇਰੇ ਪੰਜਾਬ ਦੀ ਚਿਖਾ ਹਾਲਾਂ ਠੰਢੀ ਨਹੀਂ ਹੋਈ। ਫੁਲ ਹਾਲਾਂ ਚੁਗੇ ਨਹੀਂ ਗਏ। ਲਾਹੌਰ ਕੀ ਸਾਰੇ ਪੰਜਾਬ ਵਿਚ ਮਾਤਮ ਦੀ ਸਫ਼ ਵਿਛੀ ਹੋਈ ਏ। ਮਿਤਰ ਦੇਸਾਂ ਵਲੋਂ ਅਫਸੋਸ ਦੇ ਸੁਨੇਹੇ ਪੁਜ ਰਹੇ ਹਨ। ਸਿਖ ਰਾਜ ਦੇ ਅਨੀਨ ਸਾਰੇ ਰਜਵਾੜੇ ਮਾਤਮ-ਪੁਰਸ਼ੀ ਲਈ ਲਾਹੌਰ ਆਏ ਹੋਏ ਹਨ। ਸ਼ਾਹੀ ਕਿਲੇ ਤੇ ਰਾਜ ਮਹੱਲਾਂ ਦੇ ਕੇਸਰੀ ਝੰਡੇ ਨੀਵੇਂ ਹੋਏ ਹੋਏ ਹਨ ਤੇ ਲਾਹੌਰ ਸ਼ਹਿਰ ਵਿਚ ਮੁਕੰਮਲ ਹੜਤਾਲ ਹੈ। ਸ਼ਹਿਰ ਦੀ ਹਰ ਸ਼ੈ ਸ਼ੇਰੇ ਪੰਜਾਬ ਦੇ ਗਮ ਵਿਚ ਰੋਂਂਦੀ ਮਲੂਮ ਹੁੰਦੀ ਹੈ। ਇਸ ਮਾਤਮ ਦੇ ਸਮੇਂ ਸ਼ਾਲਾਮਾਰ ਬਾਗ ਵਿਚ ਦੋ ਆਦਮੀ ਆਪਸ ਵਿਚ ਹੌਲੀ ਹੌਲੀ ਗਲ ਬਾਤ ਕਰਦੇ ਹੋਏ ਏਧਰ ਓਧਰ ਟਹਿਲ ਰਹੇ ਹਨ। ਦੋਵੇਂ ਬੜੇ ਰੋਹਬਦਾਰ ਸ੍ਰਦਾਰ ਹਨ। ਗਹੁ ਨਾਲ ਵਖਣ ਤੋਂ ਪਤਾ ਲਗਾ ਕਿ ਇਨ੍ਹਾਂ ਵਿਚੋਂ ਇਕ ਸਾਡਾ ਜਾਣਿਆ ਪਛਾਣਿਆ ਹੋਇਆ ਰਾਜਾ ਧਿਆਨ ਸਿੰਘ ਹੈ ਤੇ ਦੂਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੁਮਾਰ ਕੰਵਰ ਸ਼ੇਰ ਸਿੰਘ, ਗੱਲਾਂ ਨਿਹਾਇਤ ਹੌਲੀ ਹੌਲੀ ਹੋ ਰਹੀਆਂ ਹਨ --ਮਾਨੋ ਕੋਈ ਗਹਿਰੇ ਭੇਦ ਦੀ ਗਲ ਹੈ। ਕੰਨ ਲਾ ਕੇ ਸੁਣਿਆਂ, ਰਾਜਾ ਧਿਆਨ ਸਿੰਘ ਕਹਿ ਰਿਹਾ ਸੀ- ‘‘ਕੰਵਰ ਜੀ! ਮੈਂ ਤਾਂ ਤੁਹਾਡਾ ਪੂਰਾ ਤਾਬਿਆਦਾਰ ਹਾਂ। ਮੈਂ ਸਮਝਦਾ ਹਾਂ ਕਿ ਰਾਜ-ਤਖਤ ਲਈ ਤੁਸੀਂ ਹੀ ਜੋਗ ਸਾਓ।’’

-੭੨-