18
ਕੰਚਨ ਹੋਇ ਕੀਚ ਮੈਂ, ਬਿਖ ਮਹਿ ਅੰਮ੍ਰਿਤ ਹੋ।
ਵਿਦਿਆ, ਨਾਰੀ, ਨੀਚ ਪੈ, ਤਿੰਨੇ ਲਈਏ ਖੋ।
ਦੂਰੋਂ ਆ ਗਿਆ ਚਲਕੇ ਸੁਣਕੇ ਤੇਰੀ ਸੋ।
ਆਖੇ ਮੇਰੇ ਲੱਗ ਜਾ, ਰਾਜੇ ਦੀ ਰਾਣੀ ਹੋਇ।
ਰਾਜ ਕਮਾਵੀਂ ਬਹਿਕੇ, ਤੇਰੇ ਤੁਲ ਨਾ ਕੋਇ।
ਰਾਣੀ :-
ਸੁੱਨਾਂ [1]ਸੁੰਬਲ ਸੇਵਨੈਂ, ਸਭਾ ਗਵਾਈਉ ਬੁਧ।
ਫੁੱਲ ਨੂੰ ਵੇਖਕੇ ਰਮ ਰਿਹਾ, ਫਲ ਦੀ ਨਾ ਲਈ ਸੁਧ।
ਰਾਜਾ :-
ਇੰਦਰ ਅਖਾੜੇ ਦੀ ਅਪੱਛਰਾਂ, ਤੈਨੂੰ ਹੈ ਨਹੀਂ ਬੁੱਧ।
ਅਸੀਂ ਜੁ ਆ ਗਏ ਭੁਲਕੇ, ਡੁਬੇ ਚਾਰੋਂ ਜੁਗ
ਨੋਟ- ਕਿਹੀ ਸਾਦੀ ਤੇ ਸੋਹਣੀ ਕਵਿਤਾ ਹੈ । ਦਿਲ ਖਿੱਚ ਈ ਲੈਂਦੀ ਹੈ। ਅਖੀਰ ਵਿਆਹ ਹੋ ਜਾਂਦਾ ਏ, ਰਾਜਾ ਪੀਪਾ ਡੋਲਾ ਤੋਰਦਾ ਏ।
ਜਦ ਰਾਜਾ ਜੰਗਲ ਵਿਚ ਜਾਂਦਾ ਹੈ ਤਾਂ ਬਦ-ਸ਼ਗਨੀਆਂ ਆਵਾਜ਼ਾਂ ਆਉਂ ਦੀਆਂ ਨੇ :-
ਰਾਜਾ ਗਿਆ ਵਿਚ ਉਜਾੜ ਦੇ, ਫੌਜਾਂ ਹੋਈਆਂ ਸਾਥ।
ਗੰਜਾ ਪਾਲੀ ਬੋਲਦਾ, ਡਾਢੀ ਕਰਦਾ ਪੁਕਾਰ।
ਸੱਜੇ ਤਿਲੀਅਰ ਬੋਲਿਆ, ਖੱਬੇ ਕਾਲਾ ਕਾਉਂ।
ਜਿਨੂੰ ਲੈ ਚਲਿਆ ਵਿਆਹ ਕੇ, ਰਖੂਗੀ ਛਿੱਤ੍ਰਾਂ ਦੇ ਥਾਂਉਂ ।
ਭਲਾ, ਰਾਜਾ ਸਲਵਾਹਨ ਬੁੱਢਾ ਤੇ ਲੂਣਾਂ ਜੁਆਨ ਵਿਆਹੀ, ਘਰ ਆਈ ਤਾਂ ਕਵੀ ਲਿਖਦਾ ਏ, ਉਹ ਬਦਕਾਰ ਹੋ ਗਈ, ਨਿੱਤ ਪਰਾਏ ਮਰਦਾਂ ਦੀ ਟੋਲ ਕਰੇ। ਪਰ ਕਵੀ ਨੇ ਪਹਿਲੇ ਆਖਿਆ ਹੈ, ਕਿ ਲੂਣਾਂ ਵੀ ਸਲਵਾਹਨ ਤੇ ਆਸ਼ਕ ਹੋ ਗਈ ਸੀ, ਰੱਬ ਦੀਆਂ ਰੱਬ ਈ ਜਾਣੇ, ਕਵੀ ਨੇ ਬਦਕਾਰੀ ਦਾ ਮੁੱਢ ਸ਼ੈਦ ਇਸ ਕਰਕੇ ਬੱਧਾ ਜਾਪਦਾ ਏ, ਕਿ ਪਿਛੋਂ ਪੂਰਨ ਨਾਲ ਜੂ ਖਹਿਬੜੀ ਸੀ, ਨਹੀਂ ਤਾਂ ਕਵੀ ਦਾ ਲਿਖਣਾ ਨਿਰਾ ਮੁਬਾਲਗਾ ਈ ਹੈ।
ਲੂਣਾਂ ਬਾਂਦੀ ਨੂੰ ਆਖਦੀ, ਤੂੰ ਝੋਂਦੇ ਸ਼ਹਿਰ ਨੂੰ ਜਾ।
ਮੇਰੇ ਵਰਗਾ ਆਦਮੀ, ਤੂੰ ਛੇਤੀ ਲੱਭ ਕੇ ਲਿਆ।
ਰਾਜਾ ਸਲਵਾਹਨ ਬੁੱਢਾ ਹੈ, ਮੇਰੇ ਕੰਮ ਦਾ ਨਾਂ।
ਹੀਰਾ ਬਾਂਦੀ ਟੁਰ ਪਈ, ਵੜੀ ਸ਼ਹਿਰ ਵਿਚ ਆ।
—— —— ——
- ↑ ਸਿੰਮਲ ਦਾ ਰੁੱਖ