ਪੰਨਾ:ਰਾਜ ਕੁਮਾਰੀ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਿਤਰਕਾਰ ਨੇ ਕਿਹਾ, "ਤੁਸੀਂ ਮੈਨੂੰ ਕਿਸੇ ਤਰਾਂ ਮਹਾਰਾਜੇ ਦੇ ਸਾਹਮਣੇ ਪੇਸ਼ ਕਰ ਦਿਓ, ਫਿਰ ਮੈਂ ਸਭ ਕੁਝ ਸੰਭਾਲ ਲਵਾਂਗਾ।"

ਮਹਾਂ-ਮੰਤਰੀ ਨੇ ਰਾਜੇ ਦੀ ਸੇਵਾ ਵਿਚ ਬੇਨਤੀ ਕੀਤੀ, "ਮਹਾਰਾਜ! ਇਸ ਨਗਰੀ ਵਿਚ ਇਕ ਏਨਾ ਮਾਹਿਰ ਚਿਤਰਕਾਰ ਆਇਆ ਹੈ ਕਿ ਜਿਸ ਦੀ ਮਿਸਾਲ ਮਿਲਣੀ ਔਖੀ ਹੈ।"

ਰਾਜਾ ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ, ਕਿਉਂ ਜੋ ਉਹ ਆਪ ਇਸ ਹੁਨਰ ਦਾ ਬੜਾ ਸ਼ੁਕੀਨ ਸੀ। ਉਸ ਨੇ ਝਟ ਹੁਕਮ ਦਿਤਾ ਕਿ ਚਿਤਰਕਾਰ ਨੂੰ ਪੇਸ਼ ਕੀਤਾ ਜਾਵੇ। ਚਿਤਰਕਾਰ ਜਦ ਸਾਹਮਣੇ ਆਇਆ ਤਾਂ ਰਾਜੇ ਦੀ ਸੁੰਦਰਤਾ ਵੇਖ ਕੇ ਉਂਗਲੀਆਂ ਮੂੰਹ ਵਿਚ ਪਾਉਣ ਲਗਾ। ਚਿਤਰਕਾਰ ਕਹਿਣ ਲਗਾ, "ਮਹਾਰਾਜ! ਅੱਜ ਮੇਰਾ ਜੀਵਨ ਸਫ਼ਲ ਹੋ ਗਿਆ ਕਿ ਆਪ ਜਹੇ ਅਤੀ ਸੁੰਦਰ ਮਨੁਸ਼ ਦੇ ਦਰਸ਼ਨ ਪ੍ਰਾਪਤ ਹੋਏ। ਮੈਨੂੰ ਆਪਣੇ ਹੁਨਰ ਦਾ ਇਨਾਮ ਤਾਂ ਮਿਲਦਾ ਹੈ, ਜੇ ਆਪ ਮੇਰੇ ਤੇ ਦਯਾ ਕਰੋ ਤੇ ਆਪਣੀ ਤਸਵੀਰ ਮੈਨੂੰ ਬਣਾ ਲੈਣ ਦੀ ਆਗਿਆ ਦਿਓ, ਤਾਂ ਜੋ ਉਮਰ ਭਰ ਮੈਂ ਇਸ ਨੂੰ ਵੇਖਦਾ ਰਹਾਂ।"

ਰਾਜੇ ਨੇ ਕਿਹਾ "ਮੈਨੂੰ ਪਹਿਲਾਂ ਆਪਣੇ ਕੰਮ ਦੇ ਨਮੂਨੇ ਵਖਾ, ਪਰ ਖ਼ਿਆਲ ਰੱਖੀ ਕਿਸੇ ਔਰਤ ਦੀ ਕੋਈ ਤਸਵੀਰ ਮੇਰੀ ਨਜ਼ਰੀਂ ਨਾ ਪਵੇ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।"

ਚਿਤਰਕਾਰ ਨੇ ਰਾਜੇ ਦੇ ਸਾਹਮਣੇ ਕਈ ਦੇਸ਼ਾਂ ਦੇ ਦ੍ਰਿਸ਼ ਪੇਸ਼ ਕੀਤੇ ਤੇ ਉਨ੍ਹਾਂ ਵਿਚ ਉਸ ਨੇ ਇਕ ਇਸਤਰੀ ਦੀ ਤਸਵੀਰ ਵੀ, ਲੁਕਾ ਕੇ ਰਖ ਦਿਤੀ। ਮਹਾਰਾਜਾ ਪਤਰੇ ਪਲਟਾ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਉਸ ਇਸਤਰੀ ਦੀ ਤਸਵੀਰ ਤੇ ਪੈ ਗਈ। ਜਿਉਂ ਹੀ ਉਸ ਦੀ ਨਜ਼ਰ ਉਸ ਤੇ ਪਈ, ਉਹ ਉਸ ਨੂੰ ਵੇਖਦਾ ਹੀ ਵੇਖਦਾ ਰਹਿ ਗਿਆ। ਉਸ ਦੇ ਨਿਰਬਲ ਹੱਥਾਂ ਵਿਚੋਂ ਤਸਵੀਰ ਡਿਗ ਪਈ

૧૨