ਪੰਨਾ:ਰਾਜ ਕੁਮਾਰੀ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀ ਛਾਤੀ ਤੇ ਦੋ ਛੋਟੇ ਛੋਟੇ ਨਿਸ਼ਾਨ ਸਨ। ਪਤੀ ਦਾ ਕਿਤੇ ਪਤਾ ਨਾ ਚਲਿਆ। ਉਸ ਦੀ ਸੇਜ ਵਿਚੋਂ ਇਕ ਕਾਲਾ ਸੱਪ ਨਿਕਲਿਆ ਤੇ ਕੰਧ ਦੀ ਇਕ ਮੋਰੀ ਵਿਚ ਲੁਕ ਗਿਆ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉੱਤਰ ਦਿਓ ਕਿ ਸੱਪ ਦੀ ਮਣੀ ਵਿਚ ਅਜਿਹੀ ਕਿਹੜੀ ਖਿੱਚ ਸੀ, ਜਿਸ ਨੇ ਜੌਹਰੀ ਦੀ ਪੁਤਰੀ ਨੂੰ ਏਨਾ ਬੇਤਾਬ ਕੀਤਾ।"

ਇਹ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਨੇ ਉਤਰ ਦਿਤਾ, "ਖਿੱਚ ਨਾ ਮਣੀ ਵਿਚ ਸੀ ਨਾ ਮਣੀ ਦੀ ਕੀਮਤ ਵਿਚ, ਸਗੋਂ ਇਸ ਗੱਲ ਵਿਚ ਸੀ ਕਿ ਮਣੀ ਉਸ ਦੇ ਕੋਲ ਨਹੀਂ ਸੀ। ਇਸਤਰੀ ਦਾ ਇਹ ਸੁਭਾ ਹੈ ਕਿ ਜਿਹੜੀ ਚੀਜ਼ ਉਸ ਕੋਲ ਹੁੰਦੀ ਹੈ ਉਸ ਦੀ ਕਦਰ ਨਹੀਂ ਕਰਦੀ ਪਰ ਜਿਹੜੀਆਂ ਚੀਜ਼ਾਂ ਉਸ ਦੇ ਕੋਲ ਨਹੀਂ ਹੁੰਦੀਆਂ, ਉਨ੍ਹਾਂ ਲਈ ਤੜਫ਼ਦੀ ਹੈ।"

ਇਹ ਆਖ ਕੇ ਰਾਜ ਕੁਮਾਰੀ ਉਠੀ ਤੇ ਰਾਜੇ ਵਲ ਵੇਖ ਆਹ ਭਰ ਕੇ ਚਲੀ ਗਈ। ਰਾਜਾ ਤੇ ਭਗੀਰਥ ਵਾਪਸ ਆ ਗਏ।

੧੦੪