ਪੰਨਾ:ਰਾਜ ਕੁਮਾਰੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਸਵੀਰਾਂ ਵਿਚ ਰਲ ਗਈ।"

ਪਰ ਮਹਾਰਾਜ ਕਹਿਣ ਲੱਗੇ, "ਚਿਤਰਕਾਰਾਂ ਦੇ ਬਾਦਸ਼ਾਹ! ਤੂੰ ਮੇਰੇ ਤੇ ਬੜੀ ਦਯਾ ਕੀਤੀ ਜੋ ਇਹ ਤਸਵੀਰ ਮੈਨੂੰ ਵਿਖਾਈ। ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਥਵਾ ਤੂੰ ਅੰਨ੍ਹੇ ਨੂੰ ਸੂਰਜ ਦੀ ਰੋਸ਼ਨੀ ਵਖਾਈ ਹੈ। ਇਹ ਦਸ ਕਿ ਇਹ ਤਸਵੀਰ ਕਿਸ ਦੀ ਹੈ। ਮਨੁਖ ਦੀ ਸਮਝ ਤਾਂ ਅਜਿਹੀ ਅਦੁਤੀ ਸੁੰਦਰਤਾ ਪੈਦਾ ਨਹੀਂ ਕਰ ਸਕਦੀ।"

ਚਿਤਰਕਾਰ ਇਹ ਸੁਣ ਕੇ ਮੁਸਕ੍ਰਾਇਆ ਤੇ ਕਹਿਣ ਲੱਗਾ, "ਮਹਾਰਾਜ, ਜੇ ਮੇਰੀ ਮੰਨੋ ਤਾਂ ਇਸ ਔਰਤ ਦਾ ਖ਼ਿਆਲ ਦਿਲ ਵਿਚੋਂ ਕੱਢ ਦਿਓ। ਮੈਨੂੰ ਡਰ ਹੈ ਕਿ ਮੇਰੀ ਲਾ-ਪਰਵਾਹੀ ਕਿਤੇ ਆਪ ਦੀ ਤਬਾਹੀ ਦਾ ਕਾਰਨ ਨਾ ਬਣੇ।"

ਰਾਜਾ ਬੇ-ਸਬਰ ਹੋ ਕੇ ਬੋਲਿਆ, "ਸੁਣ ਲੈ, ਤੇਰੇ ਸਾਹਮਣੇ ਦੋ ਰਸਤੇ ਹਨ। ਇਨ੍ਹਾਂ ਚੋਂ ਇਕ ਚੁਣ ਲੈ- ਜਾਂ ਤੇ ਮੈਨੂੰ ਇਸ ਦਾ ਨਾਂ ਦਸ ਦੇ ਤੇ ਮੈਂ ਤੈਨੂੰ ਅਣ-ਗਿਣਤ ਮਾਇਆ ਤੇ ਹੀਰੇ ਜਵਾਹਰਾਤ ਦੇਵਾਂਗਾ, ਜਾਂ ਚੁਪ ਰਹਿ ਤੇ ਮੈਂ ਤੈਨੂੰ ਭਿਆਨਕ ਤਹਿ-ਖ਼ਾਨਿਆਂ ਵਿਚ ਸੁਟਵਾ ਦਿਆਂਗਾ, ਜਿਥੇ ਤੈਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲੇਗਾ ਤਾਂ ਜੋ ਤੇਰੀ ਜ਼ਬਾਨ ਭੁਖ ਤੇਹ ਤੋਂ ਟੁਕੜੇ ਟੁਕੜੇ ਹੋ ਕੇ ਤੇਰੇ ਹਿਰਦੇ ਦਾ ਭੇਦ ਖੋਲ੍ਹ ਦੇਵੇ।"

ਇਹ ਸੁਣ ਕੇ ਚਿਤਰਕਾਰ ਬੋਲਿਆ, "ਹੁਣ ਮੇਰੇ ਲਈ ਕੋਈ ਬਚਾ ਨਹੀਂ ਤੇ ਆਪ ਦੇ ਲੇਖਾਂ ਵਿਚ ਵੀ ਬੁਰਾ ਹੀ ਲਿਖਿਆ ਹੈ, ਇਸ ਲਈ ਲਓ ਸੁਣੋ:

"ਇਹ ਤਸਵੀਰ ਨਾਗਾਂ ਦੇ ਬਾਦਸ਼ਾਹ ਦੀ ਇਕੋ ਇਕ ਲੜਕੀ ਅਨੰਗ ਰਾਗ ਦੀ ਹੈ, ਜਿਸ ਨੂੰ ਸਭ ਨਾਗ ਰਾਣੀ ਕਹਿੰਦੇ ਹਨ। ਇਹ ਬਨ ਦੀ ਇਕਾਂਤ ਵਿਚ ਇਕ ਮਹਿਲ ਵਿਚ ਰਹਿੰਦੀ ਹੈ ਜਿਥੇ ਪੁਜਣ ਵਿਚ ਦੋ ਮਹੀਨੇ ਲਗਦੇ ਹਨ। ਇਸ ਦੀ ਤਸਵੀਰ ਤਾਂ ਆਪ

੧੪