ਪੰਨਾ:ਰਾਜ ਕੁਮਾਰੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਦਾ ਉਸ ਪਾਸ ਕੋਈ ਉਤਰ ਨਾ ਹੋਵੇ। ਪ੍ਰੰਤੂ ਜਿਥੇ ਭਗੀਰਥ ਅਸਫ਼ਲ ਰਿਹਾ ਹੈ ਉਥੇ ਮੈਂ ਕਿਸ ਤਰ੍ਹਾਂ ਸਫ਼ਲ ਹੋ ਸਕਦਾ ਹਾਂ? ਰਾਜ ਕੁਮਾਰੀ ਉਤਰ ਦੇਣ ਵਿਚ ਏਨੀ ਤਾਕ ਨਹੀਂ, ਜਿਨਾ ਭਗੀਰਥ ਕਹਾਣੀਆਂ ਬਣਾਉਣ ਵਿਚ ਹੁਸ਼ਿਆਰ ਹੈ। ਉਹ ਮਨੁਸ਼ ਰੂਪ ਵਿਚ ਕਹਾਣੀਆਂ ਦਾ ਸਾਗਰ ਹੈ। ਆਹ! ਕੋਈ ਫ਼ਾਨੀ ਇਨਸਾਨ ਇਸ ਸੁੰਦਰ ਨਾਰੀ ਨੂੰ ਉਲਝਣ ਵਿਚ ਨਹੀਂ ਪਾ ਸਕਦਾ!"

ਫਿਰ ਉਸ ਨੇ ਸਰਸਵਤੀ ਅਗੇ ਪ੍ਰਾਰਥਨਾਂ ਕੀਤੀ, "ਹੇ ਦੇਵੀ! ਕੇਵਲ ਤੇਰੀ ਦਯਾ ਦੀ ਗੋਦ ਵਿਚ ਹੀ ਮੈਨੂੰ ਸ਼ਰਨ ਮਿਲ ਸਕਦੀ ਹੈ, ਆ! ਮੇਰੀ ਸਖੀ ਬਣ ਅਤੇ ਮੇਰੀ ਪ੍ਰੇਮਕਾ ਦੇ ਦਿਮਾਗ਼ ਨੂੰ ਥੋੜੇ ਚਿਰ ਲਈ ਘਬਰਾਹਟ ਵਿਚ ਪਾ ਦੇ, ਜਾਂ ਮੈਨੂੰ ਕੋਈ ਅਜਿਹਾ ਪ੍ਰਸ਼ਨ ਦਸ ਜਿਸ ਦਾ ਉਹ ਉਤਰ ਨਾ ਦੇ ਸਕੇ।"

ਉਸ ਵੇਲੇ ਸਰਸਵਤੀ ਦੀ ਕ੍ਰਿਪਾ ਨਾਲ ਉਸ ਨੂੰ ਇਕ ਖ਼ਿਆਲ ਫੁਰਿਆ ਅਤੇ ਉਹ ਖ਼ੁਸ਼ੀ ਨਾਲ ਉੱਚਾ ਉੱਚਾ ਬੋਲਣ ਲਗ ਪਿਆ- "ਆਹ, ਆਹ ਹਾ, ਦੇਵੀ ਦੀ ਕ੍ਰਿਪਾ ਹੋ ਗਈ, ਸਰਸਵਤੀ ਦੀ ਜੈ, ਹੁਣ ਰਾਜ ਕੁਮਾਰੀ ਮੇਰੀ।"

ਉਹ ਭਜ ਕੇ ਭਗੀਰਥ ਕੋਲ ਗਿਆ। ਭਗੀਰਥ ਸ਼ਾਮ ਵਾਸਤੇ ਇਕ ਕਹਾਣੀ ਬਣਾਉਣ ਵਿਚ ਰੁਝਾ ਹੋਇਆ ਸੀ। ਰਾਜਾ ਕਹਿਣ ਲਗਾ, "ਮਿਤਰ! ਆਪਣੀ ਸੋਚ ਵਿਚਾਰ ਛਡ ਦੇ, ਕੰਮ ਬਣ ਗਿਆ ਹੈ, ਅਜ ਸ਼ਾਮ ਨੂੰ ਮੈਂ ਆਪ ਰਾਜ ਕੁਮਾਰੀ ਨੂੰ ਕਹਾਣੀ ਸੁਣਾਵਾਂਗਾ।"

ਭਗੀਰਥ ਨੇ ਕਿਹਾ, "ਮਹਾਰਾਜ! ਮੈਂ ਤੁਹਾਨੂੰ ਵਧਾਈ ਦਿੰਦਾ ਹਾਂ, ਪ੍ਰੰਤੂ ਇਸ ਤਰ੍ਹਾਂ ਦੇ ਮਾਮਲੇ ਵਿਚ ਖ਼ਤਰੇ ਵਿਚ ਨਹੀਂ ਪੈਣਾ ਚਾਹੀਦਾ। ਇਸ ਲਈ ਆਪ ਨੂੰ ਚਾਹੀਦਾ ਹੈ ਕਿ ਆਪਣਾ ਪ੍ਰਸ਼ਨ ਪਹਿਲਾਂ ਮੈਨੂੰ ਦਸ ਲਵੋ ਤਾਂ ਜੋ ਮੈਂ ਅੰਦਾਜ਼ਾ ਕਰ ਸਕਾਂ ਕਿ ਇਹ ਕਿਨਾ ਕੁ ਕਠਨ ਹੈ।"

੧੨੩