ਪੰਨਾ:ਰਾਜ ਕੁਮਾਰੀ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਚੰਦਰ ਕਾਂਤ ਖ਼ੁਸ਼ੀ ਨਾਲ ਹਸ ਕੇ ਕਹਿਣ ਲਗਾ, "ਤੇਰਾ ਸ਼ਕ ਕਰਨਾ ਹੀ ਇਹ ਦਸਦਾ ਹੈ ਕਿ ਇਸ ਪ੍ਰਸ਼ਨ ਦਾ ਉੱਤਰ ਕਿਨਾ ਕਠਨ ਹੋਵੇਗਾ। ਸੁਣੋਂ! ਮੇਰਾ ਆਪਣਾ ਮਾਮਲਾ ਹੀ ਪ੍ਰਸ਼ਨ ਹੋਵੇਗਾ। ਮੈਂ ਰਾਜ ਕੁਮਾਰੀ ਤੋਂ ਪੁਛਾਂਗਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਜੇ ਉਸ ਨੇ ਉੱਤਰ ਦੇ ਦਿਤਾ ਤਾਂ ਫਿਰ ਕਲ ਮੈਂ ਉਸੇ ਤਰ੍ਹਾਂ ਹੀ ਕਰਾਂਗਾ, ਜੋ ਕੁਝ ਉਹ ਅਜ ਦਸੇਗੀ। ਤੇ ਜੇ ਉਹ ਕੁਝ ਨਾ ਦਸ ਸਕੀ ਤਾਂ ਇਕਰਾਰ ਦੀਆਂ ਸ਼ਰਤਾਂ ਮੁਤਾਬਕ ਉਹ ਮੇਰੀ ਹੋ ਜਾਵੇਗੀ। ਇਸ ਲਈ ਕੁਝ ਵੀ ਹੋਵੇ, ਪੰਛੀ ਮੇਰੇ ਪਿੰਜਰੇ ਵਿਚ ਜ਼ਰੂਰ ਆਵੇਗਾ।"

ਭਗੀਰਥ ਨੇ ਮੁਸਕਰਾ ਕੇ ਆਖਿਆ, "ਮਹਾਰਾਜ ਦੀ ਜੈ! ਸਚ ਮੁਚ ਪ੍ਰੇਮ ਦੀ ਸ਼ਕਤੀ ਬੜੀ ਹੈਰਾਨ ਕਰਨ ਵਾਲੀ ਹੈ। ਪਥਰ ਦੀ ਤਰ੍ਹਾਂ ਇਹ ਸਮਝ ਦੀ ਤਲਵਾਰ ਨੂੰ ਤੇਜ਼ ਵੀ ਕਰ ਸਕਦੀ ਹੈ ਅਤੇ ਖੁੰਢੀ ਵੀ। ਅਜ ਤਾਈਂ ਪ੍ਰੇਮ ਨੇ ਤੁਹਾਨੂੰ ਸੰਸਾਰ ਦੀ ਹਰ ਇਕ ਵਸਤ ਤੋਂ ਅਨ੍ਹਿਆਂ ਕਰ ਦਿਤਾ ਸੀ, ਪ੍ਰੰਤੂ ਹੁਣ ਆਪ ਦੀ ਨਜ਼ਰ ਏਨੀ ਤੇਜ਼ ਹੋ ਗਈ ਹੈ ਕਿ ਇਹ ਹੁਣ ਉਸ ਚੀਜ਼ ਨੂੰ ਵੀ ਵੇਖ ਸਕਦੀ ਹੈ, ਜਿਹੜੀ ਸਾਨੂੰ ਅਜ ਤਾਈਂ ਨਾ ਸੁਝੀ, ਭਾਵੇਂ ਉਹ ਸਾਡੇ ਸਾਹਮਣੇ ਪਈ ਸੀ। ਪ੍ਰੰਤੂ ਜੇ ਮੈਨੂੰ ਇਹ ਦਿਸ ਰਹੇ ਹਾਲਾਤ ਧੋਖਾ ਨਹੀਂ ਦੇ ਰਹੇ ਤਾਂ ਮੇਰਾ ਖ਼ਿਆਲ ਹੈ ਕਿ ਕਾਮ ਦੇਵ ਆਪ ਰਾਜ ਕੁਮਾਰੀ ਦੀਆਂ ਅੱਖੀਆਂ ਤੇ ਪਟੀ ਬੰਨ੍ਹ ਦੇਵੇਗਾ ਅਤੇ ਉਹ ਆਪਣੇ ਆਪ ਨੂੰ ਖ਼ੁਸ਼ੀ ਖ਼ੁਸ਼ੀ ਪਿੰਜਰੇ ਵਿਚ ਪਾ ਦੇਵੇਗੀ, ਕਿਉਂ ਜੋ ਉਹ, ਜਿਨ੍ਹਾਂ ਦੀ ਆਪਣੀ ਮਰਜ਼ੀ ਹੋਵੇ ਆਸਾਨੀ ਨਾਲ ਗਰਿਫ਼ਤਾਰ ਹੋ ਸਕਦੇ ਹਨ।"

ਰਾਜਾ ਬੇਤਾਬ ਹੋ ਗਿਆ। ਸਾਰਾ ਦਿਨ ਬੇਸਬਰੀ ਨਾਲ ਕਟਿਆ। ਅਖ਼ੀਰ ਸ਼ਾਮ ਹੋ ਗਈ। ਭਗੀਰਥ ਨੇ ਕਿਹਾ, "ਮਹਾਰਾਜ! ਅਜ ਤੁਸੀਂ ਇਕੱਲੇ ਜਾਓ ਕਿਉਂ ਜੋ ਅਜ ਮੇਰੀ ਅਣਹੋਂਦ ਹੋਂਦ ਨਾਲੋਂ ਵਧੇਰਾ ਕੰਮ ਦੇਵੇਗੀ। ਕਈ ਗਲਾਂ ਅਜਿਹੀਆਂ ਹੁੰਦੀਆਂ ਹਨ ਜਿਥੇ ਇਕ ਮਿਤਰ ਆਪਣੀ ਮੌਜੂਦਗੀ ਤੋਂ ਜ਼ਿਆਦਾ

੧੨੪