ਪੰਨਾ:ਰਾਜ ਕੁਮਾਰੀ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ। ਉਹ ਬੜੀ ਬੇਤਾਬੀ ਨਾਲ ਰਾਜੇ ਦਾ ਰਾਹ ਵੇਖ ਰਹੀ ਸੀ। ਪ੍ਰੰਤੂ ਜਦੋਂ ਉਸ ਨੇ ਰਾਜੇ ਨੂੰ ਵੇਖਿਆ, ਉਹ ਸ਼ਰਮਾ ਜਹੀ ਗਈ ਤੇ ਘਬਰਾ ਕੇ ਫਿਰ ਸਿੰਘਾਸਨ ਤੇ ਬੈਠ ਗਈ। ਰਾਜਾ ਚੰਦਰ ਕਾਂਤ ਉਸ ਦੇ ਨੇੜੇ ਗਿਆ ਅਤੇ ਉਸ ਦੇ ਹਥ ਫੜ ਕੇ ਕਹਿਣ ਲਗਾ-

"ਰਾਜ ਕੁਮਾਰੀ ਜੀ! ਇਕ ਵਾਰੀ ਦੀ ਗਲ ਹੈ ਕਿ ਇਕ ਰਾਜਾ ਸੀ, ਜਿਹੜਾ ਆਪ ਵਰਗੀ ਇਕ ਸੁੰਦਰ ਰਾਜ ਕੁਮਾਰੀ ਤੇ ਮੋਹਤ ਹੋ ਗਿਆ। ਰਾਜ ਕੁਮਾਰੀ ਨੇ ਵਿਆਹ ਲਈ ਇਹ ਸ਼ਰਤ ਪੇਸ਼ ਕੀਤੀ ਕਿ ਜੇ ਉਹ ਉਸ ਦੇ ਕਿਸੇ ਪ੍ਰਸ਼ਨ ਦਾ ਉੱਤਰ ਨਾ ਦੇ ਸਕੀ ਤਾਂ ਉਹ ਸਦਾ ਲਈ ਉਸ ਦੀ ਹੋ ਜਾਵੇਗੀ। ਹੇ ਸਿਆਣਪ ਦੀ ਮੂਰਤੀ! ਮੈਨੂੰ ਦਸ ਕਿ ਉਹ ਰਾਜਾ ਉਸ ਰਾਜ ਕੁਮਾਰੀ ਨੂੰ ਕਿਹੜਾ ਪ੍ਰਸ਼ਨ ਪੁਛੇ?"

ਰਾਜ ਕੁਮਾਰ ਬਿਜਲੀ ਦੀ ਤੇਜ਼ੀ ਵਾਂਗ ਉਠੀ ਤੇ ਖ਼ੁਸ਼ੀ ਵਿਚ ਸ਼ੁਦਾਈਆਂ ਵਾਂਗ ਉਚਾ ਉਚਾ ਕਹਿਣ ਲਗੀ, "ਚਲਾਕ, ਅਖ਼ੀਰ ਤੂੰ ਬੁਝ ਹੀ ਲਿਆ।" ਇਹ ਆਖ ਉਸ ਨੇ ਆਪਣੀਆਂ ਦੋਵੇਂ ਬਾਹਾਂ ਰਾਜੇ ਦੇ ਗਲ ਵਿਚ ਪਾ ਦਿਤੀਆਂ। ਉਸ ਨੂੰ ਆਪਣਾ ਪਤੀ ਚੁਣ ਲਿਆ ਅਤੇ ਕਹਿਣ ਲਗੀ, "ਇਨ੍ਹਾਂ ਜਵਾਹਰਾਂ ਵਿਚ ਤੁਹਾਡੀ ਸੁੰਦਰ ਮੂਰਤੀ ਦਾ ਅਕਸ ਹਜ਼ਾਰਾਂ ਵਾਰੀ ਦਿਸਿਆ ਹੈ ਪ੍ਰੰਤੂ ਅਜ ਮੇਰੇ ਨੈਨਾਂ ਵਿਚ ਨੈਨ ਪਾ ਕੇ ਵੇਖਿਆਂ ਤੁਸੀਂ ਉਨ੍ਹਾਂ ਵਿਚੋਂ ਹੁੰਦੇ ਹੋਏ ਮੇਰੇ ਹਿਰਦੇ ਵਿਚ ਦਿਸੋਗੇ।"

ਰਾਜੇ ਨੇ ਉਸ ਦੀਆਂ ਅੱਖੀਆਂ ਵਿਚ ਅੱਖੀਆਂ ਪਾ ਕੇ ਆਪਣੀ ਮੂਰਤੀ ਵੇਖੀ ਜਿਸ ਤਰ੍ਹਾਂ ਕਿਸੇ ਝੀਲ ਵਿਚ ਸੂਰਜ ਦਾ ਅਕਸ ਹੁੰਦਾ ਹੈ। ਰਾਜੇ ਨੇ ਉਸ ਦੇ ਕੰਨ ਵਿਚ ਕਿਹਾ, "ਤੂੰ ਮੈਨੂੰ ਮੋਹ ਕੇ ਜਿਤ ਲਿਆ ਹੈ, ਹੁਣ ਮੇਰੀ ਹੋ ਜਾ!"

ਰਾਜ ਕੁਮਾਰੀ ਨੇ ਹੌਲੀ ਜਹੀ ਕਿਹਾ, "ਕੀ ਤੁਸੀਂ ਮੇਰੀ ਸੁੰਦਰਤਾ ਦਾ ਅੰਮ੍ਰਿਤ ਮੁਫ਼ਤ ਪੀਓਗੇ? ਤੁਹਾਨੂੰ ਚੇਤਾ ਹੈ, ਸ਼ਹਿਦ ਦੀ ਮੱਖੀ ਨੇ ਕੰਵਲ ਨੂੰ ਕੀ ਦਿਤਾ ਸੀ?"

੧੨੬