ਪੰਨਾ:ਰਾਜ ਕੁਮਾਰੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਮਝ ਦਾ ਮੁਕਾਬਲਾ ਕਰਨਾ ਹੈ। ਜੇ ਤੇਰਾ ਹੁਣੇ ਹੀ ਇਹ ਹਾਲ ਹੈ ਤਾਂ ਨਾਗ ਰਾਣੀ ਨੂੰ ਵੇਖ ਕੇ, ਤੇਰੇ ਵਿਚ ਇਕੀ ਦਿਨ ਅਕਲ-ਅਜ਼ਮਾਈ ਦੀ ਸ਼ਕਤੀ ਕਿਸ ਤਰ੍ਹਾਂ ਰਹੇਗੀ? ਇਹ ਹੀ ਤਾਂ ਕਾਰਨ ਹੈ ਕਿ ਰਾਜ ਕੁਮਾਰੀ ਸਭਨਾਂ ਤੇ ਕਾਬੂ ਪਾ ਲੈਂਦੀ ਹੈ।"

ਰਾਜੇ ਨੇ ਜਦ ਇਹ ਤਕਰੀਰ ਸੁਣੀ ਤਾਂ ਉਸ ਨੇ ਆਪਣੇ ਮਿੱਤਰ ਦਾ ਹਥ ਆਪਣੇ ਹਥ ਵਿਚ ਲੈ ਕੇ ਕਿਹਾ, "ਭਗੀਰਥ, ਤੂੰ ਸਚ ਕਿਹਾ ਹੈ, ਪਰ ਜੇ ਮੈਨੂੰ ਸਫ਼ਲਤਾ ਨਾ ਹੋਈ ਤਾਂ ਤੇਰਾ ਕੀ ਬਣੇਗਾ?"

ਭਗੀਰਥ ਨੇ ਕਿਹਾ, "ਰਾਜਾ, ਅਸਫ਼ਲਤਾ ਵਿਚ ਵੀ ਮਿਤਰ ਦਾ ਨਾਲ ਹੋਣਾ ਚੰਗਾ ਹੋਵੇਗਾ। ਜੇ ਖੁਸ਼ੀ ਮਿਤਰ ਬਿਨਾਂ ਖੁਸ਼ੀ ਨਹੀਂ ਤਾਂ ਗ਼ਮੀ ਦਾ ਕੀ ਕਹਿਣਾ!"

ਦੋਵੇਂ ਮਿਤਰ ਇਕਠੇ ਸ਼ਹਿਰ ਛਡ ਕੇ ਜੰਗਲ ਵਲ ਟੁਰ ਪਏ। ਜੰਗਲ, ਰੁਖਾਂ ਤੇ ਜਾਨਵਰਾਂ ਨਾਲ ਇਸ ਤਰ੍ਹਾਂ ਭਰਿਆ ਹੋਇਆ ਸੀ, ਜਿਸ ਤਰ੍ਹਾਂ ਸਮੁੰਦਰ ਮੋਤੀਆਂ ਨਾਲ ਭਰਿਆ ਹੁੰਦਾ ਹੈ।

ਰਾਜਾ ਪ੍ਰੇਮ ਦੀ ਧੁਨ ਵਿਚ ਮਸਤ ਸੀ ਤੇ ਖਾਂਦਾ ਪੀਂਦਾ ਕੁਝ ਨਹੀਂ ਸੀ। ਉਹ ਰਾਜ ਕੁਮਾਰੀ ਦੀ ਤਸਵੀਰ ਨਾਲ ਦਿਲ ਪਰਚਾਉਂਦਾ ਟੁਰਿਆ ਜਾ ਰਿਹਾ ਸੀ। ਉਸ ਦੇ ਸਰੀਰ ਦੀ ਰਖਿਆ ਵੀ ਭਗੀਰਥ ਹੀ ਕਰ ਰਿਹਾ ਸੀ। ਇਕ ਦਿਨ ਦੁਪਹਿਰ ਵੇਲੇ ਜਦ ਉਹ ਦੋਵੇਂ ਇਕ ਰੁਖ ਹੇਠਾਂ ਆਰਾਮ ਕਰ ਰਹੇ ਸਨ, ਰਾਜਾ ਆਪਣੀ ਪ੍ਰੇਮਿਕਾ ਦੀ ਤਸਵੀਰ ਨੂੰ ਕਿੰਨਾ ਚਿਰ ਵੇਖਦਾ ਰਿਹਾ ਤੇ ਫਿਰ ਕਹਿਣ ਲਗਾ, "ਭਗੀਰਥ, ਇਹ ਔਰਤ ਜ਼ਾਤ ਹੈ, ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਕੀ ਤੂੰ ਇਸ ਸਬੰਧੀ ਮੈਨੂੰ ਕੁਝ ਦਸ ਸਕਦਾ ਹੈਂ?"

ਭਗੀਰਥ ਹਸ ਪਿਆ ਤੇ ਕਹਿਣ ਲਗਾ, "ਚੰਦਰਕਾਂਤ! ਇਹ ਸਵਾਲ ਰਾਜ ਕੁਮਾਰੀ ਲਈ ਰੱਖ ਛਡੋ, ਕਿਉਂ ਜੋ ਇਹ ਬੜਾ ਹੀ ਟੇਢਾ ਪ੍ਰਸ਼ਨ ਹੈ। ਔਰਤ ਇਕ ਅਜੀਬ ਜਹੀ ਵਸਤੂ ਹੈ। ਇਸ ਦੀ ਬਾਬਤ ਇਕ ਕਹਾਣੀ ਸੁਣਾਉਂਦਾ ਹਾਂ:

੧੭