ਪੰਨਾ:ਰਾਜ ਕੁਮਾਰੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ ਅਤੇ ਮੈਨੂੰ ਮੁੜ ਮੁੜ ਤੇਰੀ ਦਾਤ ਯਾਦ ਆਉਂਦੀ ਹੈ। ਉਸ ਦਾਂ ਨੱਚਣਾ, ਖੇਡਣਾ, ਮੈਥੋਂ ਡਰਨਾ, ਮੰਨ ਕੇ ਰੁਸਣਾ ਤੇ ਰੁਸ ਕੇ ਮੰਨਣਾ, ਅੱਖਾ ਅਗੇ ਫਿਰਨ ਲਗ ਜਾਂਦਾ ਹੈ। ਉਸ ਦਾ ਹਾਸਾ ਇਕ ਗੀਤ ਸੀ, ਉਸ ਦਾ ਸਰੀਰ ਕੋਮਲ ਸੀ ਅਤੇ ਉਸ ਦਾ ਸੁੰਦਰ ਚਿਹਰਾ ਮਨ-ਮੋਹਣਾ ਸੀ। ਮੈਨੂੰ ਉਹ ਵਾਪਸ ਦੇ ਦੇ।'

"ਪਰਮਾਤਮਾ ਨੇ ਕਿਹਾ, 'ਚੰਗਾ'। ਤੇ ਔਰਤ ਫਿਰ ਪੁਰਸ਼ ਦੇ ਹਵਾਲੇ ਕਰ ਦਿਤੀ। ਤੀਜੇ ਹੀ ਦਿਨ ਪੁਰਸ਼ ਫਿਰ ਵਾਪਸ ਆ ਗਿਆ ਤੇ ਕਹਿਣ ਲਗਾ, 'ਹੇ ਈਸ਼ਵਰ! ਮੈਂ ਬੜਾ ਵਿਚਾਰਿਆ ਹੈ, ਪਰ ਅਖ਼ੀਰ ਮੈਂ ਇਸੇ ਸਿਟੇ ਤੇ ਪੁਜਾ ਹਾਂ ਕਿ ਔਰਤ ਤੋਂ ਆਰਾਮ ਘਟ ਤੇ ਦੁਖ ਜ਼ਿਆਦਾ ਹਨ। ਇਸ ਨੂੰ ਵਾਪਸ ਹੀ ਲੈ ਲੈ।'

"ਪਰਮਾਤਮਾਂ ਨੇ ਕਿਹਾ, 'ਐ ਪੁਰਸ਼! ਹੁਣ ਇਸ ਦਾ ਪ੍ਰਬੰਧ ਤੂੰ ਆਪ ਹੀ ਕਰ।'

"ਪੁਰਸ਼ ਬੋਲਿਆ, 'ਪਰ ਮੈਂ ਇਸ ਨਾਲ ਨਹੀਂ ਰਹਿ ਸਕਦਾ।'

"ਪਰਮਾਤਮਾਂ ਨੇ ਕਿਹਾ, 'ਅਤੇ ਤੂੰ ਇਸ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ!'

"ਇਹ ਕਹਿ ਕੇ ਪਰਮਾਤਮਾ ਨੇ ਪੁਰਸ਼ ਤੋਂ ਮੂੰਹ ਮੋੜ ਲਿਆ ਤੇ ਕਿਸੇ ਹੋਰ ਪ੍ਰਿਥਵੀ ਦੀ ਰਚਨਾ ਵਿਚ ਰੁਝ ਗਿਆ। ਪੁਰਸ਼ ਮੂੰਹ ਨਿਵਾ ਕੇ ਸੋਚ ਰਿਹਾ ਸੀ ਕੀ ਕਰਾਂ ਤੇ ਕੀ ਨਾ ਕਰਾਂ- ਮੈਂ ਇਸ ਦੇ ਨਾਲ ਵੀ ਨਹੀਂ ਰਹਿ ਸਕਦਾ ਤੇ ਇਸ ਤੋਂ ਬਿਨਾਂ ਵੀ ਨਹੀਂ!"

ਭਗੀਰਥ ਚੁਪ ਹੋ ਗਿਆ ਤੇ ਰਾਜੇ ਵਲ ਵੇਖਣ ਲੱਗਾ, ਪਰ ਰਾਜਾ ਚੁਪ ਚਾਪ ਰਾਜ ਕੁਮਾਰੀ ਦੀ ਤਸਵੀਰ ਵੇਖ ਰਿਹਾ ਸੀ।

ਇਸ ਤਰ੍ਹਾਂ ਉਹ ਰੋਜ਼ ਪੜਾੱ ਕਰਦੇ, ਜੰਗਲ ਵਿਚੋਂ ਲੰਘਦੇ, ਨਾਗ ਰਾਣੀ ਦੇ ਮਹੱਲਾਂ ਕੋਲ ਪੁਜ ਗਏ।

੧੯