ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਕਾਈ ਵਰਗੇ ਹਰੇ ਕਪੜੇ ਪਾਏ ਹੋਏ ਸਨ। ਉਸ ਦੀ ਸ਼ਕਲ ਸੱਪਾਂ ਵਰਗੀ ਤੇ ਅੱਖਾਂ ਲਾਲਾਂ ਵਰਗੀਆਂ ਸਨ। ਉਸ ਵੇਲੇ ਉਸ ਦੀ ਸੁੰਦਰਤਾ ਡੁਲ੍ਹ ਡੁਲ੍ਹ ਪੈਂਦੀ ਸੀ। ਨਾਗ ਰਾਣੀ ਨੇ ਰਾਜੇ ਵਲ ਘ੍ਰਿਣਾ-ਭਰੀ ਨਜ਼ਰ ਨਾਲ ਤੱਕਿਆ, ਮੂੰਹ ਮੋੜ ਲਿਆ ਤੇ ਕਿਹਾ, "ਬੋਲੋ, ਕੀ ਪੁਛਦੇ ਹੋ?"

ਰਾਜੇ ਦੇ ਦਿਲ ਉਤੇ ਉਸ ਦੀ ਸੁੰਦਰਤਾ ਬਿਜਲੀਆਂ ਢਾਹ ਰਹੀ ਸੀ। ਰਾਜਾ ਸਾਹਮਣੇ ਸੰਦਲੀ ਤੇ ਡਿਗ ਪਿਆ ਅਤੇ ਨਾਗ ਰਾਣੀ ਵਲ ਇਸ ਤਰ੍ਹਾਂ ਵੇਖਣ ਲਗਾ, ਜਿਸ ਤਰ੍ਹਾਂ ਕਬੂਤਰ ਸਪ ਵਲ ਵੇਖਦਾ ਹੈ।

ਭਗੀਰਥ ਨੇ ਨਿਉਂ ਕੇ ਨਮਸਕਾਰ ਕੀਤੀ ਤੇ ਹਥ ਬੰਨ੍ਹ ਕੇ ਕਹਿਣ ਲਗਾ, "ਸਰਕਾਰ! ਮਹਾਰਾਜ ਦੀ ਜ਼ਬਾਨ ਦਾਸ ਹੈ। ਆਗਿਆ ਹੋਵੇ ਤਾਂ ਕੁਝ ਬੇਨਤੀ ਕਰਾਂ!"

ਰਾਜ ਕੁਮਾਰੀ ਨੇ ਕਿਹਾ, "ਕਹੋ!"

ਭਗੀਰਥ ਨੇ ਫਿਰ ਨਮਸਕਾਰ ਕੀਤੀ ਤੇ ਕਹਿਣ ਲਗਾ-

"ਸਰਕਾਰ! ਚਿਰਾਂ ਦੀ ਗਲ ਹੈ ਕਿ ਇਕ ਦੇਸ਼ ਵਿਚ ਇਕ ਨਾਸਤਕ ਰਹਿੰਦਾ ਸੀ। ਉਹ ਆਪਣੇ ਵਿਆਹ ਦੀਆਂ ਤਿਆਰੀਆਂ ਵਿਚ ਲਗਾ ਹੋਇਆ ਸੀ। ਉਸ ਦਾ ਇਕ ਮਿਤਰ ਉਸ ਕੋਲ ਆਇਆ ਅਤੇ ਉਸ ਨੂੰ ਸਲਾਹ ਦੇਣ ਲਗਾ ਕਿ ਉਹ ਗਣੇਸ਼ ਮਹਾਰਾਜ ਦੇ ਮੰਦਰ ਤੇ ਚੜ੍ਹਾਵਾ ਚੜ੍ਹਾਏ ਤਾਂ ਜੋ ਵਿਆਹ ਦਾ ਕੰਮ ਨਿਰ-ਵਿਘਨ ਸਮਾਪਤ ਹੋਵੇ। ਉਹ ਨਾਸਤਕ ਇਹ ਸੁਣ ਖਿੜ ਖਿੜਾ ਕੇ ਹਸ ਪਿਆ ਅਤੇ ਦੇਵਤਿਆਂ ਦਾ ਮਖ਼ੌਲ ਉਡਾਉਣ ਲਗਾ। ਕਹਿਣ ਲਗਾ-

"ਵਾਹ,ਗਣੇਸ਼ ਦੀ ਵੀ ਕਮਾਲ ਆਖੀ ਊ ਭਾਈ! ਇਹ ਤਾਂ ਸੋਚ, ਆਦਮੀ ਦੀ ਵੀ ਸੁੰਡ ਹੁੰਦੀ ਹੈ? ਇਸ ਨੂੰ ਮੇਰੇ ਵਿਆਹ ਨਾਲ ਕੀ ਮਤਲਬ? ਜਿਹੜਾ ਵੀ ਕੰਮ ਸੋਚ ਸਮਝ ਕੇ ਕੀਤਾ ਜਾਵੇ, ਉਹ ਨਿਰ-ਵਿਘਨ ਹੀ ਸਮਾਪਤ ਹੁੰਦਾ ਹੈ। ਛੱਡ ਇਨ੍ਹਾਂ ਨੂੰ, ਮੈਂ ਵੀ ਤਾਂ ਵੇਦ ਪੜ੍ਹੇ ਹਨ, ਸਭ ਪੇਟ ਦੇ ਪੁਜਾਰੀਆਂ ਦੇ ਢਕੌਂਸਲੇ ਹਨ, ਢਕੌਂਸਲੇ।'

੨੩