ਪੰਨਾ:ਰਾਜ ਕੁਮਾਰੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹਿ ਗਈ ਤੇ ਉਹ ਸ਼ਕਤ-ਹੀਨ ਜਿਹਾ ਹੋ ਕੇ ਇਕ ਨੁਕਰ ਵਿਚ ਖਲੋਤਾ ਰਹਿ ਗਿਆ। ਭਗੀਰਥ ਝੱਟ ਅਗੇ ਵਧਿਆ ਤੇ ਕਹਿਣ ਲਗਾ-

"ਰਾਜ ਕੁਮਾਰੀ ਜੀ! ਚਿਰ ਹੋਇਆ ਰਾਜਾ ਧਰਮ ਆਸਨਾ ਦੇ ਦੇਸ਼ ਵਿਚ ਇਕ ਬੁਢਾ ਬ੍ਰਾਹਮਣ ਰਹਿੰਦਾ ਸੀ। ਉਸ ਦੇ ਤਿੰਨ ਪੁਤਰ ਸਨ। ਲੈ ਦੇ ਕੇ ਉਸ ਦਾ ਸਾਰਾ ਧਨ ੧੯ ਗਊਆਂ ਹੀ ਸਨ। ਜਦ ਉਹ ਮਰਨ ਲਗਾ ਤਾਂ ਉਸ ਨੇ ਆਪਣੇ ਪੁਤਰਾਂ ਨੂੰ ਕੋਲ ਬੁਲਾ ਕੇ ਆਖਿਆ-

"ਮੇਰੇ ਪੁਤਰੋ ! ਮੈਂ ਹੁਣ ਮੌਤ ਦੇ ਮੂੰਹ ਵਿਚ ਜਾ ਚੁਕਾ ਹਾਂ, ਇਸ ਲਈ ਮੈਂ ਜੋ ਕੁਝ ਕਹਿਣ ਵਾਲਾ ਹਾਂ, ਉਸ ਨੂੰ ਧਿਆਨ ਨਾਲ ਸੁਣਨਾ। ਮੇਰੇ ਕੋਲ ਤੁਹਾਨੂੰ ਦੇਣ ਲਈ ਕੇਵਲ ਇਹ ਗਊਆਂ ਹੀ ਹਨ। ਤੁਸੀਂ ਇਹ ਆਪੋ ਵਿਚ ਵੰਡ ਲਵੋ। ਵਡੇ ਲਈ ਅਧੀ, ਵਿਚਕਾਰਲੇ ਲਈ ਚੌਥਾਈ ਤੇ ਛੋਟੇ ਲਈ ਪੰਜਵਾਂ ਹਿਸਾ ਮੈਂ ਮੁਕੱਰਰ ਕਰਦਾ ਹਾਂ। ਜੇ ਕੋਈ ਗਾਂ ਬਚ ਜਾਵੇ ਤਾਂ ਉਸ ਦਾ ਸਾਰਿਆਂ ਨੇ ਮਿਲ ਕੇ ਦੁਧ ਪੀਂਦੇ ਰਹਿਣਾ। ਜੇ ਤੁਸੀਂ ਇਸ ਤਰ੍ਹਾਂ ਵੰਡ ਨਾ ਕਰ ਸਕੋ ਤਾਂ ਫਿਰ ਸਾਰੀਆਂ ਗਊਆਂ ਰਾਜੇ ਦੀ ਗਊਸ਼ਾਲਾ ਵਿਚ ਭੇਜ ਦਿਤੀਆਂ ਜਾਣ। ਇਹ ਮੇਰੀ ਮਰਨ ਸਮੇਂ ਦੀ ਇਛਿਆ ਹੈ। ਵੇਖਣਾ, ਬਿਲਕੁਲ ਇਸੇ ਤਰ੍ਹਾਂ ਹੀ ਕਰਨਾ, ਨਹੀਂ ਤਾਂ ਜਨਮ ਮਰਨ ਦੇ ਚੱਕਰ ਚੋਂ ਕਦੀ ਛੁਟਕਾਰਾ ਨਹੀਂ ਹੋਵੇਗਾ।'

"ਬੁਢਾ ਪਿਓ ਇਹ ਆਖ ਕੇ ਚਲਦਾ ਹੋਇਆ। ਪੁਤਰ ਜਦ ਮ੍ਰਿਤਕ ਰਸਮਾਂ ਤੋਂ ਵਿਹਲੇ ਹੋਏ ਤਾਂ ਇਕੱਠੇ ਹੋ ਜਾਇਦਾਦ ਵੰਡਣ ਲਗੇ। ਵਡੇ ਨੇ ਆਖਿਆ, 'ਅੱਧੀਆਂ ਮੇਰੀਆਂ ਹਨ, ਕੁਲ ੧੯ ਹੋਈਆਂ ਤਾਂ ਮੇਰੇ ਹਿਸੇ ਸਾਢੇ ਨੌਂ ਗਊਆਂ ਆਈਆਂ।' ਵਿਚਕਾਰਲੇ ਨੇ ਕਿਹਾ, 'ਚੌਥਾਈ ਚਾਰ ਗਊਆਂ ਤੇ ਇਕ ਤਿੰਨ ਚੌਥਾਈ ਬਣਦੀਆਂ ਹਨ।’ ਛੋਟਾ ਬੋਲਿਆ, 'ਮੈਨੂੰ ਪੰਜਵਾਂ ਹਿਸਾ ਤਿੰਨ ਗਊਆਂ ਤੇ ਇਕ ਦਾ 4/5 ਮਿਲਣਾ ਚਾਹੀਦਾ ਹੈ।'

੨੯