ਪੰਨਾ:ਰਾਜ ਕੁਮਾਰੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਵੱਡਾ ਸੋਚ ਵਿਚ ਡੁਬਿਆ ਹੋਇਆ ਸੀ। ਕੁਝ ਚਿਰ ਮਗਰੋਂ ਸਿਰ ਚੁਕ ਕੇ ਆਖਣ ਲਗਾ, 'ਇਹ ਹਿਸੇ ਸਭ ਠੀਕ ਹੋਏ, ਪਰ ਇਨ੍ਹਾਂ ਸਾਰਿਆਂ ਨੂੰ ਜੋੜੋ ਤਾਂ ੧੮ ਗਊਆਂ ਅਤੇ ਇਕ ਗਊ ਦਾ ਕੁਝ ਹਿਸਾ ਬਣਦਾ ਹੈ, ੧੯ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਵੰਡ ਠੀਕ ਨਾ ਹੋਈ। ਅਤੇ ਜੇ ਸਾਰੇ ਹਿਸੇ ਮਿਲਾ ਕੇ ੧੯ ਗਊਆਂ ਬਣ ਵੀ ਜਾਂਦੀਆਂ ਤਾਂ ਕੀ ਹੁੰਦਾ, ਇਹ ਅਧੀ, ਤਿੰਨ ਚੌਥਾਈ ਤੇ 4/5 ਦੀ ਵੰਡ ਕਿਸ ਤਰ੍ਹਾਂ ਹੋ ਸਕਦਾ ਸੀ। ਗਊ-ਹਤਿਆ ਕੌਣ ਕਰਦਾ? ਹੁਣ ਕਰੀਏ ਤਾਂ ਕੀ ਕਰੀਏ? ਜੇ ਹੁਣ ਪੂਰੇ ਪੂਰੇ ਹਿਸੇ ਨਾ ਵੰਡੇ ਗਏ ਤਾਂ ਸਾਰੀਆਂ ਗਊਆਂ ਮੁਫ਼ਤ ਵਿਚ ਰਾਜੇ ਦੇ ਹਥ ਚਲੀਆਂ ਜਾਣਗੀਆਂ। ਇਸ ਕੋਲ ਅਗੇ ਥੋੜ੍ਹਾ ਧਨ ਹੈ ਜੋ ਸਾਡੀ ਪੂੰਜੀ ਵੀ ਉਸੇ ਦਾ ਮਾਲ ਬਣ ਜਾਵੇ? ਪਿਤਾ ਦੀ ਇੱਛਾ ਪੂਰੀ ਨਾ ਕੀਤੀ ਗਈ ਤਾਂ ਉਹ ਵੀ ਮਹਾਂ-ਪਾਪ ਹੋਵੇਗਾ। ਪਰ ਇਸ ਗੋਰਖ-ਧੰਧੇ 'ਚੋਂ ਨਿਕਲਣ ਦਾ ਕੋਈ ਰਾਹ ਜ਼ਰੂਰ ਹੋਵੇਗਾ। ਸਾਡੇ ਪਿਤਾ ਨੇ ਕੁਝ ਸੋਚਿਆ ਹੀ ਹੋਵੇਗਾ ਨਾ!' ਇਸੇ ਸੋਚ ਵਿਚ ਕਈ ਦਿਨ ਤੇ ਰਾਤਾਂ ਲੰਘ ਗਈਆਂ ਪਰ ਕੋਈ ਫ਼ੈਸਲਾ ਨਾ ਹੋ ਸਕਿਆ।

"ਹਣ ਰਾਜਕੁਮਾਰੀ ਜੀ! ਤੁਸੀਂ ਦਸੋ ਕਿ ਬੁਢੇ ਪਿਤਾ, ਤਿੰਨਾਂ ਭਰਾਵਾਂ ਤੇ ਰਾਜੇ ਦੀ ਇਹ ਉਲਝਣ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ?"

ਨਾਗ ਰਾਣੀ ਨੇ ਸਿਰ ਨੀਵਾਂ ਕਰ ਕੇ ਸੋਚਣਾ ਸ਼ੁਰੂ ਕਰ ਦਿਤਾ। ਕੁਝ ਚਿਰ ਚੁਪ ਰਹੀ। ਚੰਦਰਕਾਤ ਦਾ ਦਿਲ ਬੜਾ ਤੇਜ਼ ਧੜਕ ਰਿਹਾ ਸੀ। ਉਸ ਦੇ ਸਰੀਰ ਵਿਚੋਂ ਆਤਮਾ ਨਿਕਲੀ ਜਾ ਰਹੀ ਸੀ। ਅਖ਼ੀਰ ਰਾਜ ਕੁਮਾਰੀ ਨੇ ਸਿਰ ਚੁਕਿਆ ਤੇ ਬਿਨਾਂ ਝਿਜਕ ਦੇ ਇਹ ਉਤਰ ਸੁਣਾਇਆ:

"ਤਿੰਨਾਂ ਭਰਾਵਾਂ ਨੂੰ ਇਕ ਹੋਰ ਗਊ ਮੰਗ ਲੈਣੀ ਚਾਹੀਦੀ ਹੈ। ਇਨ੍ਹਾਂ ਵੀਹਾਂ ਵਿਚੋਂ ਅੱਧੀਆਂ (ਦਸ ਗਊਆਂ) ਵੱਡਾ, ਪੰਜ ਅਥਵਾ ਵੀਹਾਂ ਦਾ ਚੌਥਾ ਹਿਸਾ ਵਿਚਕਾਰਲਾ ਤੇ ਚਾਰ ਗਊਆਂ (ਪੰਜਵਾਂ ਹਿਸਾ) ਛੋਟਾ ਲੈ ਲਵੇ। ਦਸ, ਪੰਜ ਤੇ ਚਾਰ ਉੱਨੀ ਗਊਆਂ ਹੋਈਆਂ। ਜਿਹੜੀ ਗਊ ਉਨ੍ਹਾਂ ਮੰਗੀ ਸੀ ਉਹ ਵਾਪਸ ਕਰ ਦੇਣ, ਬਸ ਸਾਰਾ ਝਗੜਾ ਮੁਕ ਗਿਆ।

੩੦