ਪੰਨਾ:ਰਾਜ ਕੁਮਾਰੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਛਾਣ ਨਾ ਰਹੀ। ਵੇਖਣ ਵਾਲੇ ਸਮਝਦੇ ਸਨ ਕਿ ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਨੂੰ ਧੋਖਾ ਦੇ ਰਹੀਆਂ ਹਨ। ਜਿਸ ਤਰ੍ਹਾਂ ਦੀ ਉਨ੍ਹਾਂ ਦੋਹਾਂ ਦੀ ਸ਼ਕਲ ਸੀ, ਉਸੇ ਤਰ੍ਹਾਂ ਦਾ ਹੀ ਸਭਾਓ ਤੇ ਆਵਾਜ਼ ਸੀ। ਇਨ੍ਹਾਂ ਦਾ ਸਭ ਕੁਝ ਆਪੋ ਵਿਚ ਮਿਲਦਾ ਜੁਲਦਾ ਸੀ-ਪਿੰਡੇ ਦੀ ਖੱਲ ਤੋਂ ਲੈ ਕੇ ਹਿਰਦੇ ਦੀਆਂ ਡੂੰਘਾਈਆਂ ਤਕ।

"ਇਕ ਦਿਨ ਕੀ ਹੋਇਆ ਕਿ ਬਸੰਤ ਦੇ ਮੇਲੇ ਤੇ ਬੰਬੇ ਦੀ ਨਜ਼ਰ ਇਕ ਸੁੰਦਰ ਇਸਤਰੀ ਤੇ ਪੈ ਗਈ। ਉਸ ਨੇ ਵੀ ਬੰਬੇ ਨੂੰ ਇਸੇ ਤਰ੍ਹਾਂ ਵੇਖਿਆ ਤੇ ਦੋਹਾਂ ਦਾ ਆਪੋ ਵਿਚ ਬੜਾ ਪਿਆਰ ਹੋ ਗਿਆ। ਬੰਬੇ ਨੇ ਆਪਣੀ ਪਿਆਰੀ ਦਾ ਨਾਂ ਪਤਾ ਪੁਛ ਲਿਆ ਤੇ ਹਫ਼ਤੇ ਵਿਚ ਤਿੰਨ ਦਿਨ ਉਸ ਦੇ ਘਰ ਬਿਤਾਣ ਲਗ ਪਿਆ। ਪ੍ਰੇਮ ਦੀ ਧੁਨ ਵਿਚ ਮਤਵਾਲਾ ਬੰਬਾ ਆਪਣੀ ਹਸਤੀ ਨੂੰ ਨਾ ਸੰਭਾਲ ਸਕਿਆ। ਉਸ ਨੇ ਆਪਣੀ ਪਿਆਰੀ ਦੇ ਰੂਪ ਦੇ ਮਾਣ ਵਿਚ ਆ ਕੇ ਪ੍ਰਤੰਬੇ ਨੂੰ ਸਾਰਾ ਭੇਦ ਦਸ ਦਿਤਾ ਅਤੇ ਇਕ ਦਿਨ ਦੂਰੋਂ ਆਪਣੇ ਭਰਾ ਨੂੰ ਉਸ ਦੀ ਸ਼ਕਲ ਵੀ ਵਿਖਾ ਦਿਤੀ। ਪ੍ਰਤੰਬਾ ਕੀ ਕਰਦਾ, ਉਹ ਹਰ ਤਰ੍ਹਾਂ ਆਪਣੇ ਭਰਾ ਦਾ ਹੀ ਸ਼ੀਸ਼ਾ ਸੀ। ਉਹ ਵੀ ਉਸੇ ਦੇ ਪਿਆਰ ਵਿਚ ਮਰਨ ਲਗਾ।

"ਹਫ਼ਤੇ ਦੇ ਬਾਕੀ ਦਿਨ ਪ੍ਰਤੰਬਾ ਉਸੇ ਇਸਤਰੀ ਕੋਲ ਜਾਣ ਲਗ ਪਿਆ। ਉਹ ਵਿਚਾਰੀ ਹੋਰ ਵੀ ਪਰਸੰਨ ਹੋਈ ਕਿ ਬੰਬਾ, ਹਫ਼ਤੇ ਵਿਚ ਤਿੰਨ ਦਿਨ ਦੀ ਥਾਂ ਛੇ ਦਿਨ ਆਉਣ ਲਗ ਪਿਆ ਹੈ। ਉਸ ਨੂੰ ਕੀ ਪਤਾ ਸੀ ਕਿ ਉਹ ਬੰਬਾ ਨਹੀਂ, ਪ੍ਰਤੰਬਾ ਹੈ। ਇਸੇ ਤਰ੍ਹਾਂ ਦਿਨ ਲੰਘਦੇ ਗਏ। ਇਕ ਦਿਨ ਕੀ ਹੋਇਆ ਕਿ ਬੰਬਾ ਪ੍ਰੀਤ ਦੇ ਜੋਸ਼ ਵਿਚ ਆ ਕੇ ਨਾ ਰਹਿ ਸਕਿਆ ਤੇ ਅਚਨਚੇਤ ਆਪਣੀ ਪਿਆਰੀ ਦੇ ਘਰ ਜਾ ਪਹੁੰਚਿਆ। ਉਥੇ ਉਸ ਨੇ ਵੇਖਿਆ ਕਿ ਉਸ ਦੀ ਪਿਆਰੀ ਪਰਤੰਬਾ ਨੂੰ ਬੜੇ ਪਿਆਰ ਨਾਲ ਮੋਰ ਦਾ ਪੱਖਾ ਝਲ ਰਹੀ ਹੈ। ਜਿਉਂ ਹੀ ਉਸ ਨੂੰ ਬੰਬਾ ਦਿਸਿਆ, ਉਹ ਚੀਕ ਉਠੀ ਅਤੇ ਪਰਤੰਬਾ ਘਬਰਾ ਕੇ ਉਠ ਬੈਠਾ। ਉਹ ਵਿਚਾਰੀ ਇਕ ਦੂਜੇ ਨੂੰ ਘੜੀ ਮੁੜੀ ਵੇਖ ਰਹੀ ਸੀ

੩੯