ਪੰਨਾ:ਰਾਜ ਕੁਮਾਰੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿਣ ਲਗਾ, 'ਇਹ ਸਭ ਚਲਿਤਰ ਹੈ, ਫ਼ਰੇਬ ਹੈ।’ ਫਿਰ ਤਲਵਾਰ ਸੂਤ ਕੇ ਕਹਿਣ ਲਗਾ, 'ਮੇਰੇ ਪਿਛੇ ਆ।’ ਬ੍ਰਾਹਮਣੀ ਕਹਿਣ ਲਗੀ, 'ਜਿਸ ਤਰ੍ਹਾਂ ਤੁਹਾਡੀ ਇਛਾ!' ਉਹ ਉਸ ਨੂੰ ਬਣ ਵਿਚ ਲੈ ਗਿਆ ਅਤੇ ਇਕ ਰੁਖ ਨਾਲ ਬੰਨ੍ਹ ਕੇ ਉਸ ਦੇ ਹੱਥ, ਪੈਰ, ਨੱਕ ਤੇ ਛਾਤੀਆਂ ਵਢ ਦਿਤੀਆਂ ਅਤੇ ਆਪ ਉਥੋਂ ਵਾਪਸ ਆ ਗਿਆ। ਥੋੜ੍ਹੇ ਚਿਰ ਮਗਰੋਂ ਉਹ ਬ੍ਰਾਹਮਣੀ ਖ਼ੂਨ ਘਟ ਜਾਣ ਤੇ ਸਰਦੀ ਦੇ ਕਾਰਨ ਮਰ ਗਈ।

"ਜਦ ਇਸ ਸਾਰੀ ਗੱਲ ਦਾ ਉਸ ਖਤਰੀ ਨੂੰ ਪਤਾ ਲੱਗਾ ਤਾਂ ਉਹ ਗੁਸੇ ਵਿਚ ਭਰਿਆ ਉਸ ਦੇ ਪਤੀ ਪਾਸ ਪੁਜਾ ਤੇ ਕਹਿਣ ਲਗਾ, ‘ਮੂਰਖ! ਤੂੰ ਇਕ ਨੇਕ ਇਸਤਰੀ ਨੂੰ ਮਾਰ ਦਿਤਾ ਹੈ। ਉਹ ਤਾਂ ਦੇਵੀ ਸੀ, ਦੇਵੀ!'

"ਜਦੋਂ ਪਤੀ ਨੂੰ ਠੀਕ ਗੱਲ ਦਾ ਪਤਾ ਲੱਗਾ ਤਾਂ ਬਹੁਤ ਸ਼ਰਮਿੰਦਾ ਹੋਇਆ। ਉਸ ਨੇ ਸੰਸਾਰ ਤਿਆਗ ਦਿਤਾ ਅਤੇ ਪਾਪ ਧੋਣ ਲਈ ਗੰਗਾ ਚਲਾ ਗਿਆ। ਉਸ ਖਤਰੀ ਨੇ ਤਲਵਾਰ ਨਾਲ ਆਤਮਘਾਤ ਕਰ ਲਿਆ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਨਿਰਦੋਸ਼ ਲੋਕਾਂ ਨੂੰ ਅਜਿਹੀ ਕਰੜੀ ਸਜ਼ਾ ਕਿਉਂ ਮਿਲਦੀ ਹੈ?"

ਏਨਾ ਆਖ ਭਗੀਰਥ ਚੁਪ ਹੋ ਗਿਆ।

ਰਾਜ ਕੁਮਾਰੀ ਕਹਿਣ ਲੱਗੀ-"ਕੀ ਹੱਕਦਾਰ ਲੋਕਾਂ ਤੋਂ ਬਿਨਾਂ ਕਿਸੇ ਨੂੰ ਮੁਕਤੀ ਮਿਲ ਸਕਦੀ ਹੈ? ਕੀ ਸੋਨਾ ਅੱਗ ਵਿਚ ਪਾਏ ਬਿਨਾਂ ਪਰਖਿਆ ਜਾ ਸਕਦਾ ਹੈ? ਸਵਰਨ ਸ਼ੀਲਾ ਪ੍ਰੀਖਿਆ ਵਿਚ ਸਫ਼ਲ ਹੋਈ ਅਤੇ ਉਸ ਨੇ ਦੁਨੀਆਂ ਨੂੰ ਦਸ ਦਿਤਾ ਕਿ ਮੌਤ ਏਨੀ ਯਕੀਨੀ ਨਹੀਂ, ਜਿਨਾ ਕਿ ਛੋਟੇ ਤੋਂ ਛੋਟੇ ਕਰਮ ਦਾ ਫਲ।"

ਇਹ ਆਖ ਕੇ ਰਾਜ ਕੁਮਾਰੀ ਉਠੀ ਅਤੇ ਆਪਣੀਆਂ ਚਮਕੀਲੀਆਂ ਅੱਖਾਂ ਨਾਲ ਰਾਜੇ ਵੱਲ ਵੇਖਦੀ ਹੋਈ ਚਲੀ ਗਈ।

੪੫