ਪੰਨਾ:ਰਾਜ ਕੁਮਾਰੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿੰਨ ਸੁੰਦਰੀਆਂ


ਰਾਜੇ ਨੇ ਕਿਹਾ-"ਭਗੀਰਥ! ਪੰਜ ਦਿਨ ਲੰਘ ਗਏ ਹਨ। ਉਹ ਚਮਕਦਾ ਹੋਇਆ ਅਥਰੂ ਜਿਹੜਾ ਉਸ ਦੀਆਂ ਪਲਕਾਂ ਵਿਚ ਅਟਕਿਆ ਹੋਇਆ ਸੀ, ਮੇਰੀ ਕਿਸਮਤ ਦਾ ਤਾਰਾ ਸੀ। ਮੇਰੇ ਸੁਤੇ ਹੋਏ ਭਾਗ ਕੁਝ ਕੁਝ ਜਾਗ ਰਹੇ ਹਨ। ਮੈਨੂੰ ਉਦਾਸੀ ਦੇ ਹਨੇਰੇ ਵਿਚੋਂ ਚਾਨਣ ਦਿਸ ਰਿਹਾ ਹੈ, ਪਰ ਨਹੀਂ, ਇਹ ਚਾਨਣ ਨਹੀਂ, ਧੋਖਾ ਹੈ। ਮੇਰੀਆਂ ਇਛਾਵਾਂ ਮੈਨੂੰ ਅਨੋਖੇ ਤਮਾਸ਼ੇ ਵਖਾ ਰਹੀਆਂ ਹਨ, ਭਟਕਾ ਰਹੀਆਂ ਹਨ, ਪਰ ਇਹ ਤਸਵੀਰ ਸੱਚੀ ਹੈ; ਉਸ ਦਾ ਰੂਪ ਦੇ ਅਸਲ ਤੋਂ ਵਧਾ ਕੇ ਨਹੀਂ ਵਖਾਂਦੀ। ਇਹ ਤਸਵੀਰ ਨਾ ਹੁੰਦੀ ਤਾਂ ਮੈਂ ਏਨੇ ਦਿਨ ਨਾ ਜੀ ਸਕਦਾ।" ਤਸਵੀਰ ਨਾਲ ਗੱਲਾਂ ਕਰਦਿਆਂ ਰਾਜੇ ਨੇ ਰਾਤ ਬਿਤਾ ਛੱਡੀ। ਦਿਨ ਦੀਆਂ ਘੜੀਆਂ ਬਾਗ਼ ਵਿਚ ਟਹਿਲਦਿਆਂ ਕੱਟੀਆਂ। ਸੂਰਜ ਡੁਬਿਆ ਤਾਂ ਦੋਵੇਂ ਦਰਬਾਰ ਵਿਚ ਜਾ ਪਹੁੰਚੇ, ਜਿਥੇ ਰਾਜ ਕੁਮਾਰੀ ਆਪਣੇ ਸਿੰਘਾਸਨ ਤੇ ਬ੍ਰਾਜਮਾਂਨ ਸੀ।

ਰਾਜੇ ਨੇ ਅੱਖ ਚੁਕ ਕੇ ਜੋ ਤਕਿਆ ਤਾਂ ਉਸ ਦਾ ਲਹੂ ਸੁਕ ਗਿਆ ਅਤੇ ਨਿਸੱਤਾ ਜਿਹਾ ਹੋ ਬੈਠ ਗਿਆ। ਭਗੀਰਥ ਅੱਗੇ ਵਧਿਆ ਤੇ ਕਹਿਣ ਲਗਾ-

"ਰਾਜ ਕੁਮਾਰੀ ਜੀ! ਇਕ ਰਾਜਾ ਸੀ, ਜਿਸ ਦੀਆਂ ਤਿੰਨ ਰਾਣੀਆਂ ਸਨ, ਇਕ ਤੋਂ ਇਕ ਵਧ ਕੇ-ਰੂਪ ਵਿਚ, ਸੁਭਾ ਵਿਚ, ਵੇਖਣ ਵਿਚ ਤੇ ਬੋਲਣ ਵਿਚ। ਚੌਧਵੀਂ ਰਾਤ ਦੀ ਚਾਨਣੀ ਵਿਚ ਕੋਈ ਵੇਖੇ ਤੇ ਇਹ ਨਾ ਆਖ ਸਕੇ ਕਿ ਚੌਹਾਂ ਵਿਚੋਂ ਕਿਹੜਾ

੪੭