ਪੰਨਾ:ਰਾਜ ਕੁਮਾਰੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਦਰਮਾਂ ਹੈ ਅਤੇ ਕਿਹੜੀ ਰਾਣੀ। ਇਕ ਰਾਤ ਜਦ ਰਾਜਾ ਤੇ ਰਾਣੀਆਂ ਬਾਰਾਂਦਰੀ ਵਿਚ ਸੌਂ ਰਹੇ ਸਨ, ਤਾਂ ਰਾਜਾ ਜਾਗ ਉਠਿਆ ਤੇ ਚਾਨਣ ਵਿਚ ਚਮਕਦੇ ਹੋਏ ਰਾਣੀਆਂ ਦੇ ਰੂਪ ਵਲ ਘੂਰ ਘੂਰ ਕੇ ਵੇਖਣ ਲੱਗ ਪਿਆ ਅਤੇ ਸੋਚਣ ਲਗਾ ਕਿ ਇਸਤਰੀ ਦਾ ਰੂਪ ਕਈਆਂ ਸਾਂਚਿਆਂ ਵਿਚ ਢਲਿਆ ਹੁੰਦਾ ਹੈ ਪਰ ਮੈਂ ਨਹੀਂ ਆਖ ਸਕਦਾ ਕਿ ਇਨ੍ਹਾਂ ਤਿੰਨਾਂ ਵਿਚੋਂ ਕਿਹੜੀ ਵਧੇਰੇ ਸੁੰਦਰ ਹੈ। ਫਿਰ ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਤੇ ਅੱਖਾਂ ਜਮਾ ਜਮਾ ਕੇ ਵੇਖਣ ਲੱਗਾ।

"ਸਵੇਰੇ ਜਦ ਦਰਬਾਰ ਤੋਂ ਪਹਿਲਾਂ ਉਸ ਦਾ ਵਜ਼ੀਰ ਨਿਆਨੇਤਰੀ ਉਸ ਕੋਲ ਆਇਆ ਤਾਂ ਉਸ ਨੇ ਆਉਂਦਿਆਂ ਹੀ ਕਿਹਾ- 'ਮਹਾਰਾਜ! ਆਪ ਦੀਆਂ ਅੱਖਾਂ ਇਸ ਤਰ੍ਹਾਂ ਲਾਲ ਹੋ ਰਹੀਆਂ ਹਨ, ਜਿਸ ਤਰ੍ਹਾਂ ਰਾਤ ਭਰ ਨੀਂਦ ਨਾ ਆਈ ਹੋਵੇ।'

" 'ਨਿਆਨੇਤਰੀ! ਤੂੰ ਸੱਚ ਆਖਿਆ ਹੈ। ਰਾਤ ਮੈਂ ਸੋਚਦਾ ਰਿਹਾ ਕਿ ਮੇਰੀਆਂ ਰਾਣੀਆਂ 'ਚੋਂ ਕਿਹੜੀ ਵਧੇਰੇ ਸੁੰਦਰ ਹੈ ਅਤੇ ਇਸੇ ਸੋਚ ਵਿਚ ਰਾਤ ਲੰਘ ਗਈ। ਅਜੇ ਤਾਈਂ ਮੈਨੂੰ ਉਹੀ ਵਿਚਾਰ ਹੈ ਤੇ ਮੈਂ ਕੋਈ ਫ਼ੈਸਲਾ ਨਹੀਂ ਕਰ ਸਕਿਆ’, ਰਾਜੇ ਨੇ ਕਿਹਾ।

" 'ਮਹਾਰਾਜ! ਆਪ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਆਪ ਦੀਆਂ ਰਾਣੀਆਂ ਐਸੀਆਂ ਹਨ ਕਿ ਇਕ ਤੋਂ ਇਕ ਵਧ ਚੜ੍ਹ ਕੇ ਹੈ, ਆਪਣੀ ਆਪਣੀ ਥਾਂ ਹਰ ਇਕ ਐਸੀ ਕਿ ਕਿਸੇ ਨੂੰ ਦੂਜੀ ਦੇ ਰੂਪ ਦਾ ਸਾੜਾ ਨਹੀਂ, ਆਪ ਨੂੰ ਹੋਰ ਕੀ ਚਾਹੀਦਾ ਹੈ? ਐਵੇਂ ਮੁਫ਼ਤ ਦੀ ਸੋਚ ਵਿਚਾਰ ਕਰ ਰਹੇ ਹੋ ਅਤੇ ਨਿਕੰਮੇ ਖ਼ਿਆਲਾਂ ਨਾਲ ਮਨ ਦੀ ਸ਼ਾਂਤੀ ਦਾ ਸਤਿਆਨਾਸ ਹੁੰਦਾ ਹੈ', ਵਜ਼ੀਰ ਨੇ ਜਵਾਬ ਦਿਤਾ।

" 'ਕੁਝ ਵੀ ਹੋਵੇ ਮੈਂ ਫ਼ੈਸਲਾ ਕਰ ਕੇ ਹੀ ਰਹਾਂਗਾ', ਰਾਜੇ ਨੇ ਹਠ ਨਾਲ ਕਿਹਾ।

"ਵਜ਼ੀਰ ਨੇ ਇਹ ਵੇਖ ਕੇ ਕਿ ਰਾਜਾ ਹਠ ਤੇ ਉਤਰ ਆਇਆ ਹੈ, ਕਿਹਾ, 'ਜੇ ਮਹਾਰਾਜ ਦੀ ਇਹੋ ਇਛਿਆ ਹੈ ਕਿ ਅਸੀਂ ਅੰਦਾਜ਼ਾ

੪੮